ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਠੰਢੇ ਬਸਤੇ ’ਚ
ਭਗਵਾਨ ਦਾਸ ਸੰਦਲ
ਦਸੂਹਾ, 25 ਜੂਨ
ਹਲਕਾ ਵਾਸੀਆਂ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਦਸੂਹਾ ਨੂੰ ਜ਼ਿਲਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੂੰ ਫਿਲਹਾਲ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਹਰੇਕ ਚੋਣ ਦੌਰਾਨ ਇਹ ਮੁੱਦਾ ਵੱਡੇ ਪੱਧਰ ’ਤੇ ਗੂੰਜਦਾ ਹੈ ਪਰ ਚੋਣਾਂ ਮਗਰੋਂ ਹਮੇਸ਼ਾ ਇਸ ਮੰਗ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਹਲਕਾ ਵਾਸੀਆਂ ਨਾਲ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਵੋਟਰਾਂ ਨੇ ‘ਆਪ’ ਨੂੰ ਭਰਵਾਂ ਫਤਵਾ ਦਿੱਤਾ ਅਤੇ ‘ਆਪ’ ਦੀ ਨਵੀਂ ਸਰਕਾਰ ਤੋਂ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਉਮੀਦ ਜੋੜ ਲਈ। ਵਿਧਾਇਕ ਕਰਮਬੀਰ ਘੁੰਮਣ ਨੇ ਵਿਧਾਨ ਸਭਾ `ਚ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਮੁੱਦਾ ਬੜੀ ਗਰਮਜ਼ੋਸ਼ੀ ਨਾਲ ਉਭਾਰਿਆ, ਪਰ ਅਫਸੋਸ ਸਰਕਾਰ ਵੱਲੋਂ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ। ਇਹ ਮਾਮਲਾ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਤੱਕ ਸੀਮਤ ਨਹੀਂ, ਇਸ ਤੋਂ ਪਹਿਲਾ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੌਰਾਨ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦਾ ਵਾਅਦਾ ਕੀਤਾ ਸੀ। ਕਾਂਗਰਸੀ ਉਮੀਦਵਾਰ ਅਰੁਣ ਮਿੱਕੀ ਡੋਗਰਾ ਦੀ ਜਿੱਤ ਵਿੱਚ ਇਸ ਚੋਣ ਮੁੱਦੇ ਨੇ ਵੱਡਾ ਰੋਲ ਅਦਾ ਕੀਤਾ ਸੀ ਪਰ ਕਾਂਗਰਸ ਸਰਕਾਰ ਨੇ ਵੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਨਾ ਕੀਤਾ। ਭਾਰਤੀ ਮਜ਼ਦੂਰ ਸੰਘ ਦੇ ਆਗੂ ਵਿਜੇ ਕਾਮਰੇਡ ਨੇ ਕਿਹਾ ਕਿ ਦਸੂਹਾ ਇੱਕ ਇਤਿਹਾਸਕ ਅਤੇ ਸਰਹੱਦੀ ਹਲਕਾ ਹੈ, ਜਿਸ ਦੀ ਸੀਮਾ ਹਿਮਾਚਲ ਪ੍ਰਦੇਸ਼ ਨਾਲ ਲੱਗਦੀ ਹੈ। ਲੋਕਾਂ ਨੂੰ ਆਪਣੇ ਦਫ਼ਤਰੀ ਕੰਮਾਂ ਲਈ 100 ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਕੇ ਹੁਸ਼ਿਆਰਪੁਰ ਜਾਣਾ ਪੈਂਦਾ ਹੈ। ਸਮਾਜ ਸੇਵੀਆਂ ਨੇ ‘ਆਪ’ ਸਰਕਾਰ ਤੋਂ ਦਸੂਹਾ ਨੂੰ ਜ਼ਿਲੇ ਦਾ ਦਰਜਾ ਦੇਣ ਦੇ ਆਪਣੇ ਵਾਅਦੇ ਨੂੰ ਜਲਦੀ ਪੁਗਾਉਣ ਦੀ ਮੰਗ ਕੀਤੀ ਹੈ।
ਜਾਇਜ਼ ਮੰਗ ਪੂਰੀ ਕਰਵਾਂਗੇ: ਘੁੰਮਣ
ਹਲਕੇ ਦੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ਕਿਹਾ ਕਿ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਹਲਕੇ ਦੇ ਹਰ ਨਾਗਰਿਕ ਦੀ ਆਵਾਜ਼ ਹੈ। ਇਸ ਲਈ ਵਿਧਾਨ ਸਭਾ ਵਿੱਚ ਇਸ ਮੰਗ ਨੂੰ ਬੜੀ ਗੰਭੀਰਤਾ ਨਾਲ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਇਹ ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਵਿਧਾਇਕ ਘੁੰਮਣ ਨੇ ਭਰੋਸਾ ਦਿੱਤਾ ਕਿ ਉਹ ਦਸੂਹਾ ਵਾਸੀਆਂ ਇਸ ਇਸ ਜਾਇਜ਼ ਮੰਗ ਨੂੰ ਪੂਰਾ ਕਰਵਾਉਣ ਲਈ ਉਹ ਪੂਰੀ ਵਾਹ ਲਗਾਉਣਗੇ।