ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਦੀ ਲੋੜ ਦੱਸਦਿਆ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵੱਲੋਂ ਗੁਰਦੁਆਰਾ ਸੁਧਾਰ ਨਾਂਅ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅਕਾਲ ਤਖਤ ਵਿਖੇ ਅਰਦਾਸ ਕੀਤੀ ਗਈ ਹੈ।
ਜਥੇਬੰਦੀ ਦੇ ਯੂਥ ਵਿੰਗ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਆਪਣੇ ਸਾਥੀਆਂ ਸਮੇਤ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਨ ਤੋਂ ਬਾਅਦ ਸੰਗਤ ਦੇ ਨਾਮ ਚਿੱਠੀ ਜਾਰੀ ਕੀਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ 100 ਸਾਲ ਪਹਿਲਾਂ ਵੀ ਗੁਰਦੁਆਰਿਆਂ ਵਿੱਚ ਪ੍ਰਬੰਧਾਂ ਦੇ ਸੁਧਾਰ ਲਈ ਅਤੇ ਮਹੰਤਾਂ ਨੂੰ ਬਾਹਰ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਸੀ। ਅੱਜ ਮੁੜ ਗੁਰਦੁਆਰਾ ਪ੍ਰਬੰਧਾਂ ਵਿੱਚ ਸੁਧਾਰ ਦੀ ਵੱਡੀ ਲੋੜ ਹੈ।
ਉਨ੍ਹਾਂ ਆਖਿਆ ਕਿ ਪੰਥ ਸਾਹਮਣੇ ਉਜਾਗਰ ਹੋਇਆ ਇਹ ਨਵਾਂ ਮਸਲਾ ਹੈ ਕਿ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਧਰਤੀ ’ਤੇ ਇਕ ਬੀਬੀ ਨੇ ਉਥੋਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਉੱਤੇ ਗੰਭੀਰ ਦੋਸ਼ ਲਾਉਂਦਿਆਂ ਐੱਫ ਆਈ ਆਰ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਹੁਣ ਕੌਮ ਕੋਲ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ, ਇਸੇ ਲਈ ਅੱਜ ਅਰਦਾਸ ਕੀਤੀ ਗਈ ਹੈ।
ਪਾਰਟੀ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਰੋਜ਼ ਜਥੇ ਆ ਕੇ ਸ਼੍ਰੀ ਅਕਾਲ ਤਖਤ ਵਿਖੇ ਅਰਦਾਸ ਕਰਨਗੇ ਅਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ। ਅੱਜ ਅਰਦਾਸ ਕਰਨ ਮੌਕੇ ਅਮਨਇੰਦਰ ਸਿੰਘ ਬੰਨੀ ਬਰਾੜ, ਸੁਖਜਿੰਦਰ ਸਿੰਘ, ਪ੍ਰਿਤਪਾਲ ਸਿੰਘ ਕੋਹਲੀ, ਬਲਵਿੰਦਰ ਸਿੰਘ, ਅਮਰੀਕ ਸਿੰਘ, ਜਸਵੰਤ ਸਿੰਘ, ਪ੍ਰੀਤਮ ਸਿੰਘ,ਸੁਖਵੀਰ ਸਿੰਘ ਗਿੱਲ, ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ, ਅਜੈਪਾਲ ਸਿੰਘ ਮੀਰਕੋਟ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਜ਼ਿਲ੍ਹਾ ਅੰਮ੍ਰਿਤਸਰ, ਹਰਜਿੰਦਰ ਸਿੰਘ ਠਰੂ ਪ੍ਰਧਾਨ ਜਿਲਾ ਤਰਨ ਤਾਰਨ, ਮਧੁਪਾਲ ਸਿੰਘ ਗੋਗਾ, ਗੁਰਲਾਲ ਸਿੰਘ ਸੰਧੂ, ਸਵਿੰਦਰ ਸਿੰਘ ਦੋਬਲੀਆ, ਹਰਜੀਤ ਸਿੰਘ ਪੁਰੇਵਾਲ, ਬਿਕਰਮ ਸਿੰਘ, ਕੰਵਲਜੀਤ ਸਿੰਘ ਤੇ ਹੋਰ ਆਗੂ ਹਾਜ਼ਰ ਸਨ।

