ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਪੁੱਜਿਆ ਦੂਜਾ ‘ਹਰਾ ਨਗਰ ਕੀਰਤਨ’
5600 ਬੂਟੇ ਪ੍ਰਸ਼ਾਦ ਵਜੋਂ ਵੰਡੇ; ਸਕੂਲੀ ਬੱਚਿਆਂ ਨੇ ਗਤਕਾ ਖੇਡਿਆ; ਥਾਂ-ਥਾਂ ਲੰਗਰ ਲਾਏ
ਗੁਰੂ ਨਾਨਕ ਦੇਵ ਦੇ 556ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ‘ਹਰਾ ਨਗਰ ਕੀਰਤਨ’ ਆਹਲੀ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਪਹੁੰਚਿਆ। ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋ ਇਹ ਦੂਜਾ ਨਗਰ ਕੀਰਤਨ ਹੈ ਜਿਸ ਰਾਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਸਭ ਤੋਂ ਵੱਧ ਧਿਆਨ ਪੰਜਾਬ ਦੇ ਗੰਧਲੇ ਹੋ ਰਹੇ ਵਾਤਾਵਰਨ ’ਤੇ ਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਮੰਡ ਇਲਾਕੇ ਦੇ 11 ਪਿੰਡਾਂ ਵਿੱਚੋਂ ਹੁੰਦਾ ਹੋਇਆ ਪਵਿੱਤਰ ਵੇਈਂ ਦੇ ਕੰਢੇ ਦੇਰ ਸ਼ਾਮ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਪਹੁੰਚ ਕੇ ਸੰਪਨ ਹੋਇਆ। ਮੈਨੇਜਰ ਅਵਤਾਰ ਸਿੰਘ, ਹੈੱਡ ਗ੍ਰੰਥੀ ਹਰਜਿੰਦਰ ਸਿੰਘ ਨੇ ਸੇਵਾਦਾਰਾਂ ਸਮੇਤ ਨਗਰ ਕੀਰਤਨ ਦੇ ਸ਼ਾਮ ਨੂੰ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪੰਜਾਂ ਪਿਆਰਿਆਂ ਤੇ ਸੰਤ ਸੀਚੇਵਾਲ ਨੂੰ ਸਿਰਪਾਓ ਨਾਲ ਸਨਮਾਨਿਆ ਗਿਆ।
ਸੰਤ ਸੀਚੇਵਾਲ ਵੱਲੋਂ ਦੂਜੇ ਹਰੇ ਨਗਰ ਕੀਰਤਨ ਦੌਰਾਨ 5600 ਬੂਟੇ ਪ੍ਰਸ਼ਾਦ ਵਜੋਂ ਵੰਡੇ। ਪਿੰਡਾਂ ਦੀ ਸੰਗਤ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ, ਉੱਥੇ ਹੀ ਲੰਗਰ ਪਾਣੀ ਦਾ ਉਚੇਚਾ ਪ੍ਰਬੰਧ ਵੀ ਕੀਤਾ। ਪੂਰੇ ਨਗਰ ਕੀਰਤਨ ਦੌਰਾਨ ਮੰਡ ਇਲਾਕਾ ਬਾਬੇ ਨਾਨਕ ਦੇ ਰੰਗਾਂ ਵਿੱਚ ਰੰਗਾਂ ਹੋਇਆ ਸੀ ਅਤੇ ਇਸ ਇਲਾਕੇ ਦਾ ਦ੍ਰਿਸ਼ ਨਾਨਕਮਈ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਸ਼ਾਮਲ ਰਹੇ ਤੇ ਉਨ੍ਹਾਂ ਨਗਰ ਕੀਰਤਨ ਅੱਗੇ ਤਖਤੀਆਂ ਰਾਹੀਂ ਵਾਤਾਵਰਨ ਬਚਾਉਣ ਦਾ ਸੁਨੇਹਾ ਦਿੱਤਾ। ਸੰਤ ਅਵਤਾਰ ਸਿੰਘ ਯਾਦਗਾਰੀ ਗਤਕਾ ਅਖਾੜੇ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ ਗਏ।

