ਉਪ ਮੰਡਲ ਮੁਕੇਰੀਆਂ ਅਧੀਨ ਆਉਂਦੇ ਰਾਮਗੜ੍ਹ ਫੀਡਰ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਕਰੀਬ ਹਫ਼ਤੇ ਤੋਂ ਠੱਪ ਰਹਿਣ ਕਾਰਨ ਕਿਸਾਨਾਂ ਅਤੇ ਸਰਪੰਚਾਂ ਨੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਪਿੰਡ ਗਾਹਲੜੀਆਂ ਦੇ ਸਰਪੰਚ ਸੰਦੀਪ ਸਿੰਘ, ਹਵੇਲ ਚਾਂਗ ਦੇ ਸੂਰਮ ਸਿੰਘ ਅਤੇ ਜਸਵੀਰ ਸਿੰਘ ਨੇ ਦੱਸਿਆ ਕਿ ਸਪਲਾਈ ਬੰਦ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਅਤੇ ਝੋਨੇ ਦੀ ਪਨੀਰੀ ਸੁੱਕ ਰਹੀ ਹੈ।
ਰਾਮਗੜ੍ਹ ਤੋਂ ਦਗਨ ਤੱਕ ਚੱਲਦੇ ਇਸ ਫੀਡਰ ਉੱਤੇ ਦਰਜਨ ਤੋਂ ਵੱਧ ਪਿੰਡਾਂ ਦੀਆਂ ਮੋਟਰਾਂ ਬੰਦ ਹਨ। ਅਧਿਕਾਰੀਆਂ ਵੱਲੋਂ ਮਸਲਾ ਹੱਲ ਨਾ ਕੀਤੇ ਜਾਣ ਮਗਰੋਂ ਸਰਪੰਚਾਂ ਦੇ ਵਫ਼ਦ ਨੇ ਐਕਸੀਅਨ ਗੁਰਪ੍ਰਤਾਪ ਸਿੰਘ ਨੂੰ ਮਿਲ ਕੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਇਸ ਮਗਰੋਂ ਹਰਕਤ ਵਿੱਚ ਆਏ ਅਧਿਕਾਰੀਆਂ ਨੇ ਦੇਰ ਸ਼ਾਮ ਕੁਝ ਪਿੰਡਾਂ ਵਿੱਚ ਸਪਲਾਈ ਬਹਾਲ ਕਰ ਦਿੱਤੀ ਅਤੇ ਬਾਕੀ ਥਾਵਾਂ ਉੱਤੇ ਜਲਦੀ ਹੱਲ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਮੰਗ ਕੀਤੀ ਕਿ ਬਿਜਲੀ ਕਾਮਿਆਂ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।
ਡਿਫੈਂਸ ਕਲੋਨੀ ਵਿੱਚ 48 ਘੰਟਿਆਂ ਤੋਂ ਬਿਜਲੀ ਗੁੱਲ
ਪਠਾਨਕੋਟ (ਪੱਤਰ ਪ੍ਰੇਰਕ): ਪੰਗੋਲੀ ਰੋਡ ਸਥਿਤ ਡਿਫੈਂਸ ਕਲੋਨੀ ਵਿੱਚ ਪਿਛਲੇ 48 ਘੰਟਿਆਂ ਤੋਂ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਲੋਕਾਂ ਵਿੱਚ ਰੋਸ ਹੈ। ਬਿਜਲੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਬੱਚਿਆਂ ਅਤੇ ਬਜ਼ੁਰਗਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਰਾਜ਼ ਕਲੋਨੀ ਵਾਸੀਆਂ ਅਨੁਰਾਗ ਕੁਮਾਰ, ਪ੍ਰਿੰਸੀਪਲ ਪ੍ਰਦੀਪ ਚੋਪੜਾ, ਰਮੇਸ਼ ਸ਼ਰਮਾ ਅਤੇ ਪ੍ਰੇਮ ਸਿੰਘ ਸਲਾਰੀਆ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਹੱਲ ਨਹੀਂ ਕੱਢਿਆ ਗਿਆ।

