Power Employees, Gate Rally: ਬਿਜਲੀ ਕਾਮਿਆਂ ਵੱਲੋਂ ਸੰਘਰਸ਼ ਦੀ ਤਿਆਰੀ
ਮੁਲਾਜ਼ਮਾਂ ਵਲੋਂ ਮੰਗਾਂ ਲਈ 21-22 ਦੀ ਸਮੂਹਿਕ ਛੁੱਟੀ ਦਾ ਐਲਾਨ; ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਬਿਜਲੀ ਕਾਮਿਆਂ ਵਲੋਂ ਆਪਣੀਆਂ ਮੰਗਾਂ ਲਈ ਵਿੱਢੇ ਸੰਘਰਸ਼ ਵਜੋਂ ਮੁਕੇਰੀਆਂ ਤੇ ਹਾਜੀਪੁਰ ਬਿਜਲੀ ਦਫ਼ਤਰ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ। ਮੁਕੇਰੀਆਂ ਵਿੱਚ ਰੈਲੀ ਦੀ ਪ੍ਰਧਾਨਗੀ ਐਂਪਲਾਈਜ ਫੈਡਰੇਸ਼ਨ ਪੀ ਐੱਸ ਈ ਬੀ (ਪਹਿਲਵਾਨ ਗਰੁੱਪ) ਦੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਨੇ ਕੀਤੀ। ਇਸ ਮੌਕੇ ਸਰਕਲ ਪ੍ਰਧਾਨ ਇੰਜਨੀਅਰ ਤਰਲੋਚਨ ਸਿੰਘ ਅਤੇ ਟੀ ਐੱਸ ਯੂ ਦੇ ਸਰਕਲ ਮੀਤ ਪ੍ਰਧਾਨ ਮਨਮੋਹਨ ਸਿੰਘ ਨੇ ਵੀ ਸ਼ਿਰਕਤ ਕੀਤੀ। ਹਾਜੀਪੁਰ ਵਿੱਚ ਕੀਤੀ ਗੇਟ ਰੈਲੀ ਦੀ ਪ੍ਰਧਾਨਗੀ ਟੀ ਐੱਸ ਯੂ ਦੇ ਉਪ ਮੰਡਲ ਪ੍ਰਧਾਨ ਮਨਜੀਤ ਸਿੰਘ ਤੇ ਐਂਪਲਾਈਜ਼ ਫੈਰਡੇਸ਼ਨ ਦੇ ਉਪ ਮੰਡਲ ਪ੍ਰਧਾਨ ਰਾਮ ਲੁਭਾਇਆ ਨੇ ਕੀਤੀ। ਇਸ ਮੌਕੇ ਟੀ ਐੱਸ ਯੂ ਦੇ ਮੰਡਲ ਪ੍ਰਧਾਨ ਜਗਜੀਤ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ, 10 ਫ਼ੀਸਦ ਰਹਿੰਦਾ ਡੀ ਏ ਬਹਾਲ ਕਰਨ ਅਤੇ 17.7. 2020 ਦਾ ਪੱਤਰ ਰੱਦ ਕਰਨ ਦੇ ਮਾਮਲੇ ਵਿੱਚ ਚੁੱਪੀ ਧਾਰੀ ਬੈਠੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁਲਾਜ਼ਮਾਂ ਤੇ ਆਮ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹਨ ਅਤੇ ਸੰਘਰਸ਼ੀ ਮੁਲਾਜ਼ਮਾਂ ਤੇ ਨਸ਼ੇ ਖ਼ਿਲਾਫ਼ ਲੜਦੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ। ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਲੜਾਈ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਰਕਾਰ ਦੀ ਨਸ਼ਿਆਂ ਖਿਲਾਫ਼ ਮੁਹਿੰਮ ’ਤੇ ਸਵਾਲ ਖੜ੍ਹੇ ਕਰਦੀ ਹੈ। ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਬਿਜਲੀ ਕਰਮਚਾਰੀਆਂ ਨੂੰ 21-22 ਅਕਤੂਬਰ ਦੀ ਸਮੂਹਿਕ ਛੁੱਟੀ ਕਰ ਕੇ ਸਰਕਲ ਤੇ ਡਿਵੀਜ਼ਨ ਪੱਧਰੀ ਰੈਲੀਆਂ ਕਰਨਗੇ ਅਤੇ 28 ਅਕਤੂਬਰ ਨੂੰ ਦਿੜਬੇ ਵਿੱਚ ਹੋਣ ਵਾਲੇ ਜੁਆਇੰਟ ਫੋਰਮ ਦੇ ਧਰਨੇ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਸੁਮਿਤ ਸ਼ਰਮਾ, ਹਰਜਿੰਦਰ ਸਿੰਘ ਧਨੋਆ, ਰਾਜੀਵ ਕੁਮਾਰ ਮਲੀਆ, ਵਿਨੈ ਧਰਵਾਲ, ਸਰਬਜੀਤ ਸਿੰਘ, ਰਾਜੇਸ਼ ਕੁਮਾਰ, ਜਤਿੰਦਰ ਸਿੰਘ, ਵਿਸ਼ਾਲ ਚੌਧਰੀ ਸ਼ੰਨੀ ਕੁਮਾਰ, ਇੰਜੀਨੀਅਰ ਚੰਦਰ ਸ਼ੇਖਰ, ਅਮਿਤ ਕੁਮਾਰ, ਜਤਿੰਦਰ ਸਿੰਘ ਹਾਜ਼ਰ ਸਨ।

