ਲੋਕ ਨਿਰਮਾਣ ਵਿਭਾਗ ਵੱਲੋਂ ਟਾਂਡਾ ਤੋਂ ਗੜ੍ਹਦੀਵਾਲਾ ਜਾਂਦੀ ਪ੍ਰਮੁੱਖ ਸੜਕ ਦੇ ਪਿੰਡ ਜੌਹਲਾਂ ਤੋਂ ਗੜ੍ਹਦੀਵਾਲਾ ਤੱਕ ਦਾ ਹਿੱਸਾ ਕਈ ਸਾਲਾਂ ਦੀ ਉਡੀਕ ਮਗਰੋਂ ਕੁਝ ਮਹੀਨੇ ਪਹਿਲਾਂ ਹੀ ਬਣਾਇਆ ਗਿਆ ਸੀ। ਇਸ ਸੜਕ ’ਤੇ ਲੁੱਕ ਦੀ ਦੂਜੀ ਪਰਤ ਅਤੇ ਹੋਰ ਸਮੱਗਰੀ ਪਾਉਣ ਦਾ ਕੰਮ ਸਬੰਧਤ ਵਿਭਾਗ ਵੱਲੋਂ ਅੱਧਵਾਟੇ ਛੱਡਣ ਕਾਰਨ ਹੁਣ ਇਹ ਸੜਕ ਥਾਂ-ਥਾਂ ਤੋਂ ਟੁੱਟ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਸੜਕ ਨੂੰ ਦੋ ਪਰਤੀ ਲੁੱਕ ਅਤੇ ਸਮੱਗਰੀ ਪਾ ਕੇ ਬਣਾਉਣਾ ਸੀ ਤਾਂ ਜੋ ਇਸ ਦੀ ਮਜ਼ਬੂਤੀ ਵਧੀਆ ਰਹੇ ਪਰ ਦੂਜੀ ਪਰਤ ਪਾਉਣ ਦਾ ਕੰਮ ਪੂਰਾ ਨਹੀਂ ਕੀਤਾ ਗਿਆ, ਜਿਸ ਕਾਰਨ ਸੜਕ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਇਹ ਸੜਕ ਦੋ ਸ਼ਹਿਰਾਂ ਨੂੰ ਜੋੜਦਾ ਮਹੱਤਵਪੂਰਨ ਰਾਹ ਹੈ ਅਤੇ ਵੱਡੀ ਗਿਣਤੀ ਵਿੱਚ ਇੱਥੋਂ ਵਾਹਨ ਲੰਘਦੇ ਹਨ। ਸਥਾਨਕ ਲੋਕਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਜੇਕਰ ਨਿਰਮਾਣ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਜ਼ਿੰਮੇਵਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਸੜਕ ਦੇ ਨਿਰਮਾਣ ਦਾ ਕੰਮ ਜਲਦੀ ਪੂਰਾ ਕੀਤਾ ਜਾਵੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਬਲਦੇਵ ਰਾਜ ਨੇ ਕਿਹਾ ਕਿ ਲੁੱਕਅ ਤੇ ਹੋਰ ਸਮੱਗਰੀ ਦੇ ਭਾਅ ਵਧਣ ਕਾਰਨ ਸੜਕ ਦੇ ਨਿਰਮਾਣ ਦਾ ਕੰਮ ਅਧੂਰਾ ਹੈ। ਸਰਕਾਰ ਤੋਂ ਮਨਜ਼ੂਰੀ ਮਿਲਣ ਮਗਰੋਂ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।

