ਅੰਨਦਾਤੇ ਲਈ ਮੁਸੀਬਤ ਬਣੇ ਮਾੜੇ ਖ਼ਰੀਦ ਪ੍ਰਬੰਧ

ਆੜ੍ਹਤੀਏ ਬਾਰਦਾਨੇ ਅਤੇ ਕਿਸਾਨ ਅਦਾਇਗੀ ਤੋਂ ਵਾਂਝੇ; 25 ਮੰਡੀਆਂ ਦੀ 276 ਕਰੋੜ ਦੀ ਅਦਾਇਗੀ ਬਕਾਇਆ

ਅੰਨਦਾਤੇ ਲਈ ਮੁਸੀਬਤ ਬਣੇ ਮਾੜੇ ਖ਼ਰੀਦ ਪ੍ਰਬੰਧ

ਅਨਾਜ ਮੰਡੀ ਮਾਨਸਰ ਵਿਚ ਬਾਰਦਾਨੇ ਦੀ ਘਾਟ ਕਾਰਨ ਰੁਲਦੀ ਹੋਈ ਕਣਕ।

ਜਗਜੀਤ ਸਿੰਘ

ਮੁਕੇਰੀਆਂ, 18 ਅਪਰੈਲ

ਸਰਕਾਰ ਦੇ 72 ਘੰਟਿਆਂ ਅੰਦਰ ਅਦਾਇਗੀ ਦੇ ਦਾਅਵਿਆਂ ਦੇ ਉਲਟ ਮਾਰਕੀਟ ਕਮੇਟੀ ਮੁਕੇਰੀਆਂ ਅਧੀਨ ਆਉਂਦੀਆਂ ਕੁੱਲ 25 ਮੰਡੀਆਂ ਵਿੱਚ ਅੱਜ ਤੱਕ ਖ਼ਰੀਦੀ ਕੁੱਲ 1.40 ਲੱਖ ਕੁਇੰਟਲ ਕਣਕ ਦੀ ਬਣਦੀ ਕਰੀਬ 276 ਕਰੋੜ ਦੀ ਅਦਾਇਗੀ ਵਿੱਚੋਂ ਕਿਸੇ ਕਿਸਾਨ ਨੂੰ ਧੇਲਾ ਵੀ ਨਹੀਂ ਮਿਲਿਆ। ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਾਰਨ ਕੱਲ੍ਹੇ ਮੀਂਹ ਕਾਰਨ ਆੜ੍ਹਤੀਆਂ ’ਤੇ ਕਿਸਾਨਾਂ ਨੂੰ ਭਾਰੀ ਮੁਸ਼ਕਲ ਝੱਲਣੀ ਪਈ ਹੈ। ਦੱਸਣਯੋਗ ਹੈ ਕਿ ਇਲਾਕੇ ਅੰਦਰ 16 ਮੰਡੀਆਂ ਰੈਗੂਲਰ ਅਤੇ 9 ਪ੍ਰਾਈਵੇਟ ਮੰਡੀਆਂ ਖ਼ਰੀਦ ਕਰ ਰਹੀਆਂ ਹਨ।

ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅੱਜ ਤੱਕ ਮੁਕੇਰੀਆਂ ਦੀਆਂ 25 ਮੰਡੀਆਂ ਵਿੱਚ ਕਰੀਬ 1.40 ਲੱਖ ਟਨ ਤੱਕ ਦੀ ਖ਼ਰੀਦ ਹੋ ਚੁੱਕੀ ਹੈ। ਭੰਗਾਲਾ ਮੰਡੀ ਦੇ ਆੜ੍ਹਤੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ ਨਾ ਤਾਂ ਅਦਾਇਗੀ ਹੋਈ ਹੈ ਅਤੇ ਨਾ ਹੀ ਬਾਰਦਾਨਾ ਮਿਲ ਰਿਹਾ ਹੈ। ਬਾਰਦਾਨੇ ਦੀ ਘਾਟ ਕਾਰਨ ਉਹ ਕਣਕ ਦੀਆਂ ਢੇਰੀਆਂ ਦੀ ਤੁਲਾਈ ਕਰ ਕੇ ਮੁੜ ਬੋਰੀਆਂ ਖਾਲੀ ਕਰ ਕੇ ਦੂਜੇ ਕਿਸਾਨਾਂ ਦੀ ਤੁਲਾਈ ਕਰਨ ਲਈ ਮਜਬੂਰ ਹਨ। ਨੁਸ਼ਿਹਰਾ ਪੱਤਣ ਮੰਡੀ ਦੇ ਆੜ੍ਹਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ ਵੀ ਕਿਸੇ ਕਿਸਾਨ ਨੂੰ ਹਾਲੇ ਤੱਕ ਅਦਾਇਗੀ ਨਹੀਂ ਹੋਈ, ਜਦੋਂਕਿ ਖ਼ਰੀਦ 11 ਅਪਰੈਲ ਨੂੰ ਸ਼ੁਰੂ ਹੋ ਗਈ ਸੀ।

ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੱਜਲ ਕਰ ਕੇ ਕਿਸਾਨੀ ਧਰਨਿਆਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਕਿਸਾਨ ਦੋਵੇਂ ਮੋਰਚੇ ਨਾਲੋ-ਨਾਲ ਚਲਾਉਣਗੇ ਅਤੇ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨਾਂ ਦੱਸਿਆ ਕਿ ਹਾਲੇ ਤੱਕ ਇੱਕ ਵੀ ਮੰਡੀ ਵਿੱਚ ਕਿਸਾਨ ਨੂੰ ਅਦਾਇਗੀ ਨਹੀਂ ਕੀਤੀ ਗਈ। ਕਿਸਾਨਾਂ ਨੂੰ ਰਾਤਾਂ ਮੰਡੀਆਂ ਵਿੱਚ ਗੁਜ਼ਾਰਨੀਆਂ ਪੈ ਰਹੀਆਂ ਹਨ।

ਮਾਰਕੀਟ ਕਮੇਟੀ ਮੁਕੇਰੀਆਂ ਦੇ ਸਕੱਤਰ ਬਿਕਰਮਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਮੰਡੀਆਂ ਦਾ ਦੌਰਾ ਕਰ ਰਹੇ ਹਨ। ਬਾਰਦਾਨੇ ਦੀ ਘਾਟ ਨਾਲ ਨਜਿੱਠਣ ਲਈ ਸਰਕਾਰ ਵਲੋਂ ਬੀ-ਗਰੇਡ ਦਾ ਬਾਰਦਾਨਾ ਵਰਤਣ ਦੀ ਇਜਾਜ਼ਤ ਦੇਣ ਨਾਲ ਇਹ ਮਸਲਾ ਹੱਲ ਹੋਣ ਦੇ ਆਸਾਰ ਹਨ। ਅਦਾਇਗੀ ਬਾਰੇ ਉਨ੍ਹਾਂ ਕਿਹਾ ਕਿ ਆਨਲਾਈਨ ਪੋਰਟਲ ’ਤੇ ਕਿਸਾਨਾਂ ਦੀ ਰਜਿਸਟ੍ਰੇਸ਼ਨ ਵਿੱਚ ਦੇਰੀ ਕਾਰਨ ਇਲਾਕੇ ਦੀਆਂ ਮੰਡੀਆਂ ਦੀ 276 ਕਰੋੜ ਦੀ ਅਦਾਇਗੀ ਰੁਕੀ ਹੋਈ ਹੈ। ਕੁਝ ਮੰਡੀਆਂ ਦੀ ਭਲਕੇ ਅਦਾਇਗੀ ਹੋਣ ਦੀ ਆਸ ਹੈ।

ਮਾਨਸਰ (ਮਨਪ੍ਰੀਤ ਸਿੰਘ): ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਕਿਸਾਨਾਂ ਨੂੰ ਬਾਰਦਾਨੇ ਦੀ ਕੋਈ ਘਾਟ ਨਾ ਆਉਣ ਦਿੱਤੇ ਜਾਣ ਦੇ ਦਾਅਵੇ ਜ਼ਮੀਨੀ ਹਕੀਕਤ ਦੇ ਉਲਟ ਹਨ। ਮੰਡੀਆਂ ‘ਚ ਰੁਲ ਰਹੇ ਕਿਸਾਨ ਆਪਣੀ ਸੋਨੇ ਵਰਗੀ ਜਿਣਸ ਖੁੱਲ੍ਹੇ ਅਸਮਾਨ ਹੇਠ ਲੈ ਕੇ ਖ਼ਰੀਦ ਉਡੀਕ ਰਹੇ ਹਨ ਜੋ ਬਾਰਦਾਨੇ ਦੀ ਘਾਟ ਕਾਰਨ ਨਹੀਂ ਹੋ ਰਹੀ।

ਇਸ ਬਾਰੇ ਕਿਸਾਨ ਨਵੀਨ ਕੁਮਾਰ, ਰਾਜੂ ਚਨੌਰ, ਸੁਰਜੀਤ ਸਿੰਘ, ਗੁਰਮੀਤ ਸਿੰਘ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਉਹ ਪਿਛਲੇ 3 ਦਿਨਾਂ ਤੋਂ ਮਾਨਸਰ ਮੰਡੀ ’ਚ ਕਣਕ ਲੈ ਕੇ ਬੈਠੇ ਹਨ ਪਰ ਬਾਰਦਾਨੇ ਦੀ ਘਾਟ ਕਰ ਕੇ ਕਣਕ ਤੁਲ ਨਹੀਂ ਰਹੀ। ਉਨ੍ਹਾਂ ਕਿਹਾ ਕਿ ਹੁਣ ਅਗਲੀ ਫ਼ਸਲ ਦੀ ਬਿਜਾਈ ਦੀ ਤਿਆਰੀ ਵੀ ਕਰਨੀ ਹੈ ਪਰ ਮੰਡੀ ਵਿੱਚ ਕਣਕ ਨਾ ਤੁਲਣ ਕਾਰਨ ਸਾਰੇ ਕੰਮ ਅਧੂਰੇ ਪਏ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮਾਨਸਰ ਅਨਾਜ ਮੰਡੀ ‘ਚ ਬਾਰਦਾਨਾ ਪੁੱਜਦਾ ਕੀਤਾ ਜਾਵੇ।

ਇਸ ਬਾਰੇ ਟੌਲ ਪਲਾਜ਼ਾ ਮਾਨਸਰ ਦੀ ਸਾਂਝੀ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਬਹਿਬਲ ਮੰਜ ਨੇ ਮੰਗ ਕੀਤੀ ਕਿ ਸਰਕਾਰ ਜਲਦੀ ਬਾਰਦਾਨੇ ਦੀ ਸਮੱਸਿਆ ਦਾ ਹੱਲ ਕਰ ਕੇ ਮੰਡੀਆਂ ’ਚ ਪਈ ਕਣਕ ਦੀ ਖ਼ਰੀਦ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਦੇ ਹੱਲ ਲਈ ਸੰਘਰਸ਼ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਖੇਤੀ ਕਾਨੂੰਨਾਂ ਨਾਲ ਕੇਂਦਰ ਸਰਕਾਰ ਕਿਸਾਨਾਂ ਨੂੰ ਖੱਜਲ ਕਰ ਰਹੀ, ਹੁਣ ਸੂਬਾ ਸਰਕਾਰ ਵੀ ਮਾੜੇ ਖ਼ਰੀਦ ਪ੍ਰਬੰਧਾਂ ਨਾਲ ਕਿਸਾਨਾਂ ਦੀਆਂ ਮੁਸੀਬਤਾਂ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਾਣ ਬੁੱਝ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਉਲਝਾ ਕੇ ਦਿੱਲੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਚਾਲ ਚੱਲ ਰਹੀ ਹੈ।

ਪੰਜਾਬ ਬਾਰਡਰ ਕਿਸਾਨ ਯੂਨੀਅਨ ਵੱਲੋਂ ਮੰਗ ਪੱਤਰ

ਭਿੱਖੀਵਿੰਡ (ਨਰਿੰਦਰ ਸਿੰਘ): ਪੰਜਾਬ ਬਾਰਡਰ ਕਿਸਾਨ ਯੂਨੀਅਨ ਵੱਲੋਂ ਸਰਹੱਦੀ 6 ਜ਼ਿਲ੍ਹਿਆਂ ਵਿੱਚ ਮੰਡੀ ਸੈਕਟਰੀਆਂ, ਐੱਸਡੀਐਮ ਤੇ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕਰਵਾਈ ਜਾਵੇ। ਕਿਸਾਨ ਆਗੂ ਸੁਰਜੀਤ ਸਿੰਘ ਭੂਰਾ ਨੇ ਕਿਹਾ ਕਿ ਜੇ ਖ਼ਰੀਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਸਰਕਾਰਾਂ ਖ਼ਿਲਾਫ਼ ਸੰਘਰਸ਼ ਵਿਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਕਿਸਾਨਾਂ ਦੀ ਕਣਕ ਨੂੰ ਮੰਡੀਆਂ ’ਚ ਪਈ ਨੂੰ ਅੱਜ 8-9 ਦਿਨ ਹੋ ਗਏ ਹਨ। ਖ਼ਰੀਦ ਨਾ ਹੋਣ ਕਾਰਨ ਮੰਡੀਆਂ ਨੱਕੋ ਨੱਕ ਭਰ ਗਈਆਂ ਹਨ। ਕਿਸਾਨ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਲਈ ਬੈਠੇ ਖ਼ਰੀਦ ਨੂੰ ਉਡੀਕ ਰਹੇ ਹਨ।ਕਣਕ ਦੀ ਖ਼ਰੀਦ ਨਾ ਹੋਣ ਦੇ ਕਈ ਕਾਰਨ ਹਨ, ਖ਼ਰੀਦ ਏਜੰਸੀਆਂ ਐੱਫਸੀਆਈ ਦੀ ਮਾਰ ਥੱਲੇ ਹਨ। ਬਾਰਦਾਨੇ ਦੇ ਅਜੇ ਟੈਂਡਰ ਹੋ ਰਹੇ ਹਨ। ਕਿੱਧਰੇ ਕਣਕ ਦਾ ਦਾਣਾ ਛੋਟਾ ਹੋਣ ਨੂੰ ਖ਼ਰੀਦ ਨਾ ਹੋਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ, ਸਕੱਤਰ ਮਾਰਕੀਟ ਕਮੇਟੀ ਖੇਮਕਰਨ ਰਾਜਪਾਲ ਸਿੰਘ ਨੇ ਕੱਲ੍ਹ ਕਿਸਾਨਾਂ ਦੇ ਧਰਨੇ ਦੌਰਾਨ ਕਿਹਾ ਕਿ ਸੀ ਕਿਸਾਨਾਂ ਦਾ ਦਾਣਾ-ਦਾਣਾ ਖ਼ਰੀਦਣਾ ਯਕੀਨੀ ਬਣਾਇਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All