Police Encounter: ਜਥੇਬੰਦੀਆਂ ਨੇ ਥਾਣੇ ਅੱਗੇ ਧਰਨਾ ਲਗਾਇਆ
ਪੁਲੀਸ ਦੀ ਗੋਲੀ ਨਾਲ ਮਰਨ ਵਾਲੇ ਪਿੰਡ ਬਾਂਘੀਵਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਇਲਾਕੇ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ ਜਥੇਬੰਦੀਆਂ ਨੇ ਅੱਜ ਥਾਣਾ...
ਪੁਲੀਸ ਦੀ ਗੋਲੀ ਨਾਲ ਮਰਨ ਵਾਲੇ ਪਿੰਡ ਬਾਂਘੀਵਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਇਲਾਕੇ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ ਜਥੇਬੰਦੀਆਂ ਨੇ ਅੱਜ ਥਾਣਾ ਮਹਿਤਪੁਰ ਅੱਗੇ ਧਰਨਾ ਦਿੱਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੰਦੀਪ ਅਰੋੜਾ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ, ਬੀ ਕੇ ਯੂ ਖਹਿਰਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਖਹਿਰਾ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਮੰਡ, ਨੌਜਵਾਨ ਭਾਰਤ ਸਭਾ ਦੇ ਸੂਬਾ ਮੀਤ ਪ੍ਰਧਾਨ ਮੰਗਲਜੀਤ ਪੰਡੋਰੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਚਨ ਸਿੰਘ ਨੇ ਧਰਨੇ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਲਗਾਤਾਰ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਕਤਲ ਕੀਤੇ ਜਾ ਰਹੇ ਹਨ। ਬੁਲਾਰਿਆਂ ਨੇ ਐੱਸ ਐੱਸ ਪੀ ਜਲੰਧਰ ਵੱਲੋਂ ਬਿਨਾਂ ਜਾਂਚ-ਪੜਤਾਲ ਦੇ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਲਈ ਉਨ੍ਹਾਂ ਨੂੰ ਕਲੀਨ ਚਿੱਟ ਦੇਣ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਉੱਪਰ ਦਰਜ ਕੀਤੇ ਕੇਸ ਦੀ ਨਿਖੇਧੀ ਕਰਦਿਆਂ ਇਸ ਨੂੰ ਇਕ ਪਾਸੜ ਕਾਰਵਾਈ ਦੱਸਿਆ।
ਪੁਲੀਸ ਪ੍ਰਸ਼ਾਸਨ ਵੱਲੋਂ ਐੱਸ ਪੀ ਜਾਂਚ ਵਿਨੀਤ ਅਹਿਲਵਾਤ, ਡੀ ਐੱਸ ਪੀ ਸ਼ਾਹਕੋਟ ਸਰਵਨ ਸਿੰਘ ਬੱਲ, ਡੀ ਐੱਸ ਪੀ ਨਕੋਦਰ ਉਂਕਾਰ ਸਿੰਘ ਬਰਾੜ ਅਤੇ ਸੀ ਆਈ ਏ ਸਟਾਫ ਜਲੰਧਰ ਦੇ ਇੰਚਾਰਜ ਪੁਸ਼ਪ ਬਾਲੀ ਨੇ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਵੱਲੋਂ ਘਟਨਾ ਦੀ ਮੈਜਿਸਟ੍ਰੇਟ ਜਾਂਚ ਕਰਵਾਉਣ ਦੀ ਕੀਤੀ ਮੰਗ ਨੂੰ ਸਵੀਕਾਰ ਕਰ ਲਿਆ। ਮੈਜਿਸਟ੍ਰੇਟ ਜਾਂਚ ਤੋਂ ਪਹਿਲਾਂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਵੀ ਸਹਿਮਤੀ ਬਣੀ। ਮ੍ਰਿਤਕ ਦਾ 8 ਜੂਨ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
ਲੱਭਾ ਨੇ ਪੁਲੀਸ ਟੀਮ ’ਤੇ ਕੀਤਾ ਸੀ ਹਮਲਾ: ਵਿਰਕ
ਥਾਣਾ ਮਹਿਤਪੁਰ ਦੇ ਪਿੰਡ ਬਾਂਘੀਵਾਲ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਪੁਲੀਸ ਦੀ ਗੋਲੀ ਨਾਲ ਮਰਨ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਲੱਭਾ ਦੇ ਮਾਮਲੇ ’ਚ ਅੱਜ ਐੱਸ ਐੱਸ ਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ ਨੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਲੱਭਾ ਥਾਣਾ ਮਹਿਤਪੁਰ ਵਿੱਚ ਦਰਜ ਕੇਸ ਵਿੱਚ ਲੋੜੀਂਦਾ ਸੀ। ਥਾਣਾ ਮਹਿਤਪੁਰ ਦੇ ਮੁਖੀ ਅਮਨ ਸੈਣੀ ਪੁਲੀਸ ਪਾਰਟੀ ਸਣੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਸ ਦੇ ਘਰ ਪੁੱਜੇ ਸਨ। ਪੁਲੀਸ ਨੂੰ ਦੇਖ ਕੇ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ ਤੇ ਸਿਪਾਹੀ ਇੰਦਰਜੀਤ ਸਿੰਘ ਨੇ ਜਦੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਰੌਲਾ ਸੁਣ ਕੇ ਲੱਭਾ ਦੀ ਮਾਤਾ ਕੁਲਦੀਪ ਕੌਰ, ਭੈਣ ਗਗਨਦੀਪ ਕੌਰ ਤੇ ਹੋਰ ਵਿਅਕਤੀਆਂ ਨੇ ਪੁਲੀਸ ਪਾਰਟੀ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਹੀ ਭੀੜ ਵਿੱਚੋਂ ਕਿਸੇ ਨੇ ਗੋਲੀ ਚਲਾ ਦਿੱਤੀ। ਸੁਰੱਖਿਆ ਲਈ ਸੀਨੀਅਰ ਸਿਪਾਹੀ ਸੁਖਵਿੰਦਰ ਸਿੰਘ ਨੇ ਹਵਾ ਵਿੱਚ ਗੋਲੀ ਚਲਾਈ। ਮੁਲਜ਼ਮ ਲੱਭਾ ਨੇ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਮੁਲਾਜ਼ਮਾਂ ਨੇ ਸਵੈ-ਰੱਖਿਆ ਲਈ ਦੋ ਗੋਲੀਆਂ ਚਲਾਈਆਂ ਅਤੇ ਮੁਲਜ਼ਮ ਲੱਭਾ ਲੱਤ ’ਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਲੱਭਾ, ਉਸ ਦੀ ਮਾਤਾ, ਭੈਣ ਤੇ 4 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਲਈ ਐੱਸ ਪੀ (ਜਾਂਚ) ਵਿਨੀਤ ਦੀ ਅਗਵਾਈ ਵਿੱਚ ਸਿੱਟ ਦਾ ਗਠਨ ਕੀਤਾ ਗਿਆ ਹੈ।
ਪਰਿਵਾਰ ਨੇ ਦੋਸ਼ ਨਕਾਰੇ
ਲਵਪ੍ਰੀਤ ਸਿੰਘ ਦੇ ਪਰਿਵਾਰ ਨੇ ਪੁਲੀਸ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲੀਸ ਵੱਲੋਂ ਪ੍ਰਾਈਵੇਟ ਗੱਡੀ ਤੇ ਸਿਵਲ ਵਰਦੀ ਵਿੱਚ ਆਉਣਾ ਹੀ ਸ਼ੱਕ ਪੈਦਾ ਕਰਦਾ ਹੈ। ਪਰਿਵਾਰ ਅਨੁਸਾਰ ਪੁਲੀਸ ਨੇ ਲੱਭੇ ਨੂੰ ਕਾਬੂ ਕਰ ਕੇ ਘਰ ਵਿਚ ਹੀ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਪੁਲੀਸ ਨੂੰ ਕੁੱਟਮਾਰ ਕਰਨ ਤੋਂ ਰੋਕਣ ’ਤੇ ਇਨ੍ਹਾਂ ਨੇ ਗੋਲੀਆਂ ਮਾਰ ਕੇ ਲੱਭੇ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਦੀ ਸਿਵਲ ਹਸਪਤਾਲ ਨਕੋਦਰ ਵਿੱਚ ਮੌਤ ਹੋ ਗਈ।

