DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਿੰਗਲਵਾੜਾ ਨੇ ਨੇਪਾਲ ਦੇ ਦਇਆ ਰਾਮ ਨੂੰ ਪਰਿਵਾਰ ਨਾਲ ਮਿਲਾਇਆ

ਲਾਵਾਰਸ ਹਾਲਤ ਵਿਚ ਮਿਲਿਅਾ ਸੀ ਦਇਆ ਰਾਮ; ਇਲਾਜ ਨਾਲ ਨਵੀਂ ਜ਼ਿੰਦਗੀ ਮਿਲੀ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿਚ ਆਪਣੇ ਪਰਿਵਾਰ ਨੂੰ ਮਿਲਦਾ ਹੋਇਆ ਦਇਆ ਰਾਮ।
Advertisement

ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵੱਲੋਂ ਇਕ ਹੋਰ ਲਾਵਾਰਸ ਮਰੀਜ਼ ਨੂੰ ਨਵੀਂ ਜ਼ਿੰਦਗੀ ਦੇ ਕੇ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ। ਦਇਆ ਰਾਮ (45) 16 ਨਵੰਬਰ 2025 ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਹਸਪਤਾਲ ਦੇ ਬਾਹਰ ਲਾਵਾਰਸ ਹਾਲਤ ਵਿੱਚ ਪਿਆ ਮਿਲਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਸੀ ਅਤੇ ਉਹ ਆਪਣੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥ ਸੀ। ਥਾਣਾ ਮਜੀਠਾ ਰੋਡ ਦੀ ਪੁਲੀਸ ਵੱਲੋਂ ਮਰੀਜ਼ ਨੂੰ ਤੁਰੰਤ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾਇਆ ਗਿਆ। ਪਿੰਗਲਵਾੜਾ ਸੰਸਥਾ ਦੇ ਗੁਲਸ਼ਨ ਰੰਜਨ ਨੇ ਦੱਸਿਆ ਕਿ ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੰਸਥਾ ਵੱਲੋਂ ਬਿਨਾਂ ਕਿਸੇ ਦੇਰੀ ਦੇ ਉਸ ਨੂੰ ਇਲਾਜ ਲਈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ। ਮੈਡੀਕਲ ਜਾਂਚ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਮਰੀਜ਼ ਦਾ ਅਪਰੇਸ਼ਨ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸਥਿਤ ਭਗਤ ਪੂਰਨ ਸਿੰਘ ਵਾਰਡ ਵਿੱਚ ਸਫ਼ਲਤਾਪੂਰਵਕ ਕੀਤਾ ਗਿਆ।

ਲੰਮੇ ਇਲਾਜ ਅਤੇ ਸੇਵਾ ਸੰਭਾਲ ਤੋਂ ਬਾਅਦ ਜਦੋਂ ਮਰੀਜ਼ ਦੀ ਸਿਹਤ ਵਿੱਚ ਸੁਧਾਰ ਆਇਆ ਤਾਂ ਉਸ ਨੇ ਦੱਸਿਆ ਕਿ ਉਹ ਜਾਨਕੀ, ਸੁਬਰਨਪੁਰ, ਕੈਲਾਲੀ (ਨੇਪਾਲ) ਦਾ ਰਹਿਣ ਵਾਲਾ ਹੈ। ਮਰੀਜ਼ ਨੇ ਦੱਸਿਆ ਕਿ ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਕ ਗਿਰਜਾਘਰ ਵਿੱਚ ਕੰਮ ਦੇ ਸਿਲਸਿਲੇ ਵਿਚ ਆਇਆ ਸੀ। ਨੇਪਾਲ ਵਾਪਸੀ ਲਈ ਉਹ ਅੰਮ੍ਰਿਤਸਰ ਬੱਸ ਅੱਡੇ ’ਤੇ ਪਹੁੰਚਿਆ ਪਰ ਉਸ ਤੋਂ ਬਾਅਦ ਉਸ ਨੂੰ ਕੁਝ ਵੀ ਯਾਦ ਨਹੀਂ। ਇਸ ਦੌਰਾਨ ਉਸ ਦਾ ਸਾਰਾ ਸਾਮਾਨ, ਪਛਾਣ ਪੱਤਰ ਅਤੇ ਪੈਸਾ ਵੀ ਚੋਰੀ ਹੋ ਗਿਆ ਸੀ। ਮਰੀਜ਼ ਵੱਲੋਂ ਦਿੱਤੇ ਗਏ ਘਰ ਦੇ ਮੋਬਾਈਲ ਨੰਬਰ ਦੇ ਆਧਾਰ ’ਤੇ ਪਿੰਗਲਵਾੜਾ ਸੰਸਥਾ ਦੇ ਕਰਮਚਾਰੀਆਂ ਵੱਲੋਂ ਵੀਡੀਓ ਕਾਲ ਰਾਹੀਂ ਉਸ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਪੂਰੀ ਤਰ੍ਹਾਂ ਪਛਾਣ ਦੀ ਪੁਸ਼ਟੀ ਕੀਤੀ ਗਈ। ਅੱਜ ਉਸ ਨੂੰ ਵਾਪਸ ਲੈ ਜਾਣ ਇੱਥੇ ਪੁੱਜੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਸ ਨੂੰ ਵਾਪਸ ਲਿਜਾਣ ਵਾਸਤੇ ਉਸ ਦੀ ਪਤਨੀ ਗੌਰੀ ਦੇਵੀ, ਭਰਾ ਪ੍ਰਭੂ ਥਾਰੂ ਅਤੇ ਭੈਣ ਰਾਣੀ ਪਿੰਗਲਵਾੜਾ ਸੰਸਥਾ ਪਹੁੰਚੇ ਸਨ। ਪਰਿਵਾਰ ਸੰਸਥਾ ਦਾ ਧੰਨਵਾਦ ਕਰਦੇ ਹੋਏ ਮਰੀਜ਼ ਨੂੰ ਆਪਣੇ ਨਾਲ ਲੈ ਗਏ। ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁੱਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ 200 ਤੋਂ ਵੱਧ ਲਾਵਾਰਸ, ਬੇਸਹਾਰਾ ਮਰੀਜ਼ਾਂ ਨੂੰ ਇਲਾਜ, ਆਸਰਾ ਅਤੇ ਸੇਵਾ ਸੰਭਾਲ ਪ੍ਰਦਾਨ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਗਲਵਾੜਾ ਸੰਸਥਾ ਭਗਤ ਪੂਰਨ ਸਿੰਘ ਦੇ ਸੇਵਾ ਦੇ ਸਿਧਾਂਤਾਂ ’ਤੇ ਚਲਦਿਆਂ ਮਨੁੱਖਤਾ ਦੀ ਸੇਵਾ ਲਈ ਸਦਾ ਪ੍ਰਤੀਬੱਧ ਹੈ। ਇਸ ਮੌਕੇ ਯੋਗੇਸ਼ ਸੂਰੀ (ਮੁੱਖ ਪ੍ਰਸ਼ਾਸਕ), ਗੁਲਸ਼ਨ ਰੰਜਨ (ਮੈਡੀਕਲ ਸੋਸ਼ਲ ਵਰਕਰ), ਸ੍ਰੀ ਤਿਲਕ ਰਾਜ (ਜਨਰਲ ਮੈਨੇਜਰ) ਸਮੇਤ ਸੰਸਥਾ ਦੇ ਹੋਰ ਕਰਮਚਾਰੀ ਅਤੇ ਸੇਵਾਦਾਰ ਹਾਜ਼ਰ ਸਨ।

Advertisement

Advertisement
Advertisement
×