ਫਗਵਾੜਾ: ਕਾਂਗਰਸ ਦੇ ਦੋ ਧੜਿਆਂ ਦੀ ਖਿੱਚੋਤਾਣ ਸਿਖਰ ’ਤੇ ਪੁੱਜੀ

ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਖ਼ਿਲਾਫ਼ ਕੇਸ ਦਰਜ ਹੋਣ ਮਗਰੋਂ ਰਾਣਾ ਗੁਰਜੀਤ ਧੜੇ ਨਾਲ ਸਬੰਧਤ ਰਾਜੂ ਧੜੇ ’ਚ ਰੋਸ

ਫਗਵਾੜਾ: ਕਾਂਗਰਸ ਦੇ ਦੋ ਧੜਿਆਂ ਦੀ ਖਿੱਚੋਤਾਣ ਸਿਖਰ ’ਤੇ ਪੁੱਜੀ

ਥਾਣਾ ਸਿਟੀ ਦੇ ਬਾਹਰ ਕਾਂਗਰਸ ਦੇ ਧੜੇ ਵੱਲੋਂ ਦਿੱਤਾ ਗਿਆ ਧਰਨਾ।

ਜਸਬੀਰ ਸਿੰਘ ਚਾਨਾ

ਫਗਵਾੜਾ, 23 ਜਨਵਰੀ

ਫਗਵਾੜਾ ਕਾਂਗਰਸ ਦੀ ਖਿਚੋਤਾਣ ਚੋਣਾਂ ਨੇੜੇ ਆਉਣ ਨਾਲ ਵਧਦੀ ਜਾ ਰਹੀ ਹੈ। ਬੀਤੀ ਰਾਤ ਧਾਲੀਵਾਲ ਧੜੇ ਵੱਲੋਂ ਥਾਣੇ ਅੱਗੇ ਧਰਨਾ ਲਗਾਉਣ ਕਾਰਨ ਪੁਲੀਸ ਨੂੰ ਜ਼ਿਲ੍ਹਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਲਜੀਤ ਸਿੰਘ ਰਾਜੂ ਦਰਵੇਸ਼ਪਿੰਡ ਤੇ ਉਸ ਦੇ ਸਾਥੀ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨਾ ਪਿਆ ਸੀ ਜਿਸ ਕਾਰਨ ਰਾਣਾ ਗੁਰਜੀਤ ਸਿੰਘ ਧੜੇ ਨਾਲ ਸਬੰਧਤ ਰਾਜੂ ਧੜਾ ਹੁਣ ਗੁੱਸੇ ਨਾਲ ਭਰ ਗਿਆ ਹੈ ਤੇ ਪੁਲੀਸ ਨੂੰ ਕਥਿਤ ਨਾਜ਼ਾਇਜ ਕੇਸ ਰੱਦ ਕਰਨ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ।

ਰਾਣਾ ਗੁਰਜੀਤ ਸਿੰਘ ਦੇ ਧੜੇ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲੀ ਟਿਕਟ ਰੱਦ ਕਰਵਾਉਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ ਜਿਸ ਤਹਿਤ ਕਰੀਬ ਤਿੰਨ ਦਿਨ ਪਹਿਲਾਂ ਵੱਡੀ ਰੈਲੀ ਇਥੇ ਪਲਾਹੀ ਰੋਡ ’ਤੇ ਕੀਤੀ ਗਈ ਸੀ। ਇਹ ਜੰਗ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਗਈ ਜਦੋਂ ਧਾਲੀਵਾਲ ਧੜੇ ਨੇ ਬੀਤੀ ਦੇਰ ਰਾਤ ਸਿਟੀ ਥਾਣੇ ਅੱਗੇ ਧਰਨਾ ਲੱਗਾ ਦਿੱਤਾ। ਧਰਨੇ ’ਚ ਸ਼ਾਮਲ ਕੁਝ ਮਹਿਲਾ ਆਗੂਆਂ ਨੇ ਦੋਸ਼ ਲਗਾਇਆ ਕਿ ਰਾਜੂ ਤੇ ਉਸ ਦੇ ਸਾਥੀ ਮਨਜੋਤ ਨੇ ਕਥਿਤ ਸਾਜਿਸ਼ ਤਹਿਤ ਉਨ੍ਹਾਂ ਦਾ ਮੋਬਾਈਲ ਮੈਸੇਜ ਲੀਕ ਕਰਕੇ ਹੋਰ ਗਰੁੱਪਾਂ ’ਚ ਕਥਿਤ ਮਾੜੀ ਸ਼ਬਦਾਵਲੀ ਵਰਤ ਕੇ ਪਾਇਆ ਹੈ ਜਿਸ ਨੂੰ ਲੈ ਕੇ ਉਨ੍ਹਾਂ ਕੱਲ੍ਹ ਦੁਪਹਿਰ ਐੱਸ.ਪੀ. ਫਗਵਾੜਾ ਨੂੰ ਦਰਖ਼ਾਸਤ ਦੇ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਸੀ। ਪੁਲੀਸ ਵੱਲੋਂ ਕਾਰਵਾਈ ਨਾ ਕਰਨ ਤੋਂ ਰੋਸ ’ਚ ਆਈਆਂ ਮਹਿਲਾ ਕਾਂਗਰਸੀ ਆਗੂਆਂ ਨੇ ਦੇਰ ਰਾਤ ਥਾਣੇ ਸਿਟੀ ਪੁੱਜ ਕੇ ਘਿਰਾਓ ਕਰ ਦਿੱਤਾ ਤੇ ਕਾਂਗਰਸੀ ਆਗੂਆਂ ਨੇ ਆਪਣੇ ਵਿਰੋਧੀ ਧੜੇ ਖਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਮੌਕੇ ਮਾਰਕੀਟ ਕਮੇਟ ਚੇਅਰਮੈਨ ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ, ਸ਼ਵਿੰਦਰ ਨਿਸ਼ਚਲ ਤੇ ਹੋਰ ਕਾਂਗਰਸੀਆਂ ਨੇ ਥਾਣੇ ਦੇ ਬਾਹਰ ਪੁਲੀਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੌਕੇ ’ਤੇ ਡੀ.ਐੱਸ.ਪੀ. ਅਸ਼ਰੂ ਰਾਮ ਸ਼ਰਮਾ, ਐੱਸ.ਐੱਚ.ਓ (ਸਿਟੀ) ਜੋਗਿੰਦਰ ਸਿੰਘ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਧਰਨਾਕਾਰੀ ਸ਼ਾਂਤ ਨਾ ਹੋਏ ਤੇ ਮਨਜੋਤ ਨੂੰ ਥਾਣੇ ਲਿਆਉਣ ਦੀ ਜਿੱਦ ’ਤੇ ਅੜ੍ਹ ਗਏ। ਫ਼ਿਰ ਪੁਲੀਸ ਨੇ ਰਾਜੂ ਦੇ ਸਾਥੀ ਮਨਜੋਤ ਦੇ ਪਿਤਾ ਨੂੰ ਥਾਣੇ ਲਿਆਂਦਾ ਤੇ ਧਰਨਾਕਾਰੀਆਂ ਅੱਗੇ ਪੇਸ਼ ਕਰ ਦਿੱਤਾ। ਆਖ਼ਰ ਪੁਲੀਸ ਨੇ ਇਸ ਮਾਮਲੇ ’ਚ ਧਾਰਾ 509, 506, 500, 120-ਬੀ ਤੇ 67 ਆਈ.ਟੀ. ਐਕਟ ਤਹਿਤ ਕੇਸ ਦਰਜ ਕਰਕੇ ਧਰਨਾਕਾਰੀਆਂ ਨੂੰ ਸ਼ਾਂਤ ਕਰ ਦਿੱਤਾ ਤੇ ਧਰਨਾ ਸਮਾਪਤ ਹੋ ਗਿਆ।

ਪੁਲੀਸ ਵੱਲੋਂ ਦਰਜ ਕੀਤੀ ਐਫ਼.ਆਈ.ਆਰ ’ਚ ਸ਼ਿਕਾਇਤਕਰਤਾ ਮਿਨਾਕਸ਼ੀ ਵਰਮਾ ਨੇ ਦੱਸਿਆ ਕਿ ਮਹਿਲਾ ਕਾਂਗਰਸ ਵਲੋਂ ਭੋਗ ਦਾ ਇਸ਼ਤਿਹਾਰ ਅਖ਼ਬਾਰ ’ਚ ਛਪਵਾਇਆ ਗਿਆ ਸੀ ਜਿਸ ਦੀ ਰਕਮ ਇਕੱਠੀ ਕਰਨ ਲਈ ਮਹਿਲਾ ਕਾਂਗਰਸ ਦੇ ਗਰੁੱਪ ’ਚ 500 ਰੁਪਏ ਪ੍ਰਤੀ ਮੈਂਬਰ ਨੂੰ ਲੈ ਕੇ ਆਉਣ ਲਈ ਮਹਿਲਾ ਆਗੂਆਂ ਨੂੰ ਕਿਹਾ ਗਿਆ ਸੀ ਜੋ ਮੈਸੇਜ ਲੀਕ ਹੋ ਗਿਆ ਤੇ ਮਨਜੋਤ ਨੇ ਇਸ ਮੈਸੇਜ ਦੇ ਨਾਲ ਕਥਿਤ ਮਾੜੀ ਸ਼ਬਦਾਵਲੀ ਵਰਤ ਕੇ ਹੋਰ ਗਰੁੱਪਾਂ ’ਚ ਪਾ ਦਿੱਤੀ ਜਿਸ ਨੇ ਇਹ ਸਾਰਾ ਕੁੱਝ ਰਾਜੂ ਦੀ ਕਥਿਤ ਸ਼ਹਿ ’ਤੇ ਕੀਤਾ ਜਿਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

ਦੂਸਰੇ ਪਾਸੇ ਦਲਜੀਤ ਰਾਜੂ ਨੇ ਆਪਣੀਆਂ ਸਾਥੀਆਂ ਸਮੇਤ ਐੱਸ.ਪੀ. ਫਗਵਾੜਾ ਹਰਿੰਦਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਜਿਸ ਸਿਆਸੀ ਦਬਾਅ ਹੇਠ ਇਹ ਪਰਚਾ ਦਰਜ ਕੀਤਾ ਗਿਆ ਹੈ ਇਸ ਦੀ ਪੜਤਾਲ ਕਰਕੇ 24 ਘੰਟਿਆਂ ’ਚ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਉਹ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਣਗੇ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਨੇ ਕਿਹਾ ਕਿ ਵਿਧਾਇਕ ਨੇ ਇਹ ਪਰਚਾ ਕਥਿਤ ਤੌਰ ’ਤੇ ਉਸ ’ਤੇ ਦਬਾਅ ਬਣਾਉਣ ਲਈ ਦਰਜ ਕਰਵਾਇਆ ਹੈ ਤੇ ਨਤੀਜੇ ਵਿਧਾਇਕ ਨੂੰ ਚੋਣਾਂ ’ਚ ਭੁਗਤਣੇ ਪੈਣਗੇ।

ਕਰਫ਼ਿਊ ਤੇ ਕੋਵਿਡ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ: ਦੇਰ ਰਾਤ ਥਾਣੇ ਦੇ ਬਾਹਰ ਧਰਨਾ ਦੇਣ ਮੌਕੇ ਕਰਫ਼ਿਊ ਦੀ ਉਲੰਘਣਾ ਕੀਤੀ ਗਈ ਤੇ ਕਈ ਵਿਅਕਤੀਆਂ ਵਲੋਂ ਬਿਨਾਂ ਮਾਸਕ ਪਹਿਨੇ, ਸਮਾਜਿਕ ਦੂਰੀ ਨਾ ਬਣਾ ਕੇ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ। ਇਸ ਸਬੰਧ ’ਚ ਪੁਲੀਸ ਨੇ ਇੱਕ ਮਹਿਲਾ ਤੇ ਤਿੰਨ ਕਾਂਗਰਸੀ ਆਗੂਆਂ ਤੇ ਹੋਰਨਾ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। 

ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ: ਵਿਧਾਇਕ ਧਾਲੀਵਾਲ

ਵਿਵਾਦ ਸਬੰਧੀ ਜਦੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਪੱਖ ਜਾਨਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਸ ਮਾਮਲੇ ’ਤੇ ਅਣਜਾਣਤਾ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਤਾਂ ਇਸ ਕੇਸ ਦਰਜ ਹੋਣ ਬਾਰੇ ਸਵੇਰੇ ਪਤਾ ਲੱਗਾ ਹੈ ਤੇ ਮੇਰਾ ਇਸ ’ਚ ਕੋਈ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਕਜੁੱਟ ਕਰਨ ਲਈ ਉਪਰਾਲੇ ਕਰ ਰਿਹਾ ਹਾਂ ਫ਼ਿਰ ਵੀ ਇਸ ਮਾਮਲੇ ਨੂੰ ਮਿਲ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All