ਜਸਬੀਰ ਚਾਨਾ
ਫਗਵਾੜਾ, 9 ਸਤੰਬਰ
ਇਥੇ ਮਹੇੜੂ ਲਾਅ ਗੇਟ ‘ਚ ਬੀਤੀ ਦੇ ਰਾਤ ਕੁਝ ਹਥਿਆਰਬੰਦ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ, ਜਨਿ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਵਿਲ ਹਸਪਤਾਲ ‘ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵਲੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ। ਉਥੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਸਰਾ ਨੌਜਵਾਨ ਸਵਿਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਸੁਰਖਪੁਰ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਲਾਅ ਗੇਟ ਵਜੋਂ ਹੋਈ, ਜਖਮੀ ਦੀ ਪਛਾਣ ਅਰਜਨ ਸਿੰਘ ਰਾਣਾ ਪੁੱਤਰ ਕਰਨ ਸਿੰਘ ਰਾਣਾ ਵਾਸੀ ਲਾਅ ਗੇਟ ਵਜੋਂ ਹੋਈ। ਸਵਿਲ ਹਸਪਤਾਲ ’ਚ ਅਰਜਨ ਰਾਣਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਪੀਜੀ ਵਿੱਚ ਛੱਡਣ ਜਾ ਰਹੇ ਸਨ ਤਾਂ 25 ਤੋਂ 30 ਹਥਿਆਰਬੰਦ ਨੌਜਵਾਨਾਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਹੋ ਗਏ। ਪੀੜਤ ਨੇ ਪੁਲੀਸ ਕੋਲ ਇਨਸਾਫ਼ ਦੀ ਅਪੀਲ ਕੀਤੀ ਹੈ। ਡੀਐੱਸਪੀ ਫਗਵਾੜਾ ਜਸਪ੍ਰੀਤ ਸਿੰਘ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ। ਐੱਸਐੱਚਓ ਥਾਣਾ ਸਤਨਾਮਪੁਰਾ ਸੁਰਜੀਤ ਸਿੰਘ ਦੇ ਦੱਸਣ ਮੁਤਾਬਕ ਇਸ ਮਾਮਲੇ ਚ 7 ਵਿਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮੁਲਜ਼ਮ ਫਰਾਰ ਹਨ।