Phagwara & Dasuya Protests: ਅੰਬੇਡਕਰ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਰੋਸ ਮਾਰਚ
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ
ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਘਟਨਾ ਦੇ ਰੋਸ ਵਜੋਂ ਦਸੂਹਾ ਅਤੇ ਫਗਵਾੜਾ ਵਿੱਚ ਵਾਲਮੀਕਿ ਸਮਾਜ ਅਤੇ ਬਹੁਜਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ। ਫਗਵਾੜਾ ਵਿੱਚ ਅੰਬੇਡਕਰ ਸੈਨਾ ਮੂਲਨਿਵਾਸੀ, ਗੁਰੂ ਰਵਿਦਾਸ ਟਾਈਗਰ ਫੋਰਸ, ਭਗਵਾਨ ਵਾਲਮੀਕਿ ਐਕਸ਼ਨ ਕਮੇਟੀ ਅਤੇ ਯੁਵਾ ਵਿਕਾਸ ਮੋਰਚਾ ਸਮੇਤ ਸਮੂਹ ਬਹੁਜਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਉੱਤੇ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਹ ਮਾਰਚ ਡਾ. ਅੰਬੇਡਕਰ ਪਾਰਕ ਤੋਂ ਸ਼ੁਰੂ ਹੋ ਕੇ ਪੇਪਰ ਚੌਕ ਜੀ ਟੀ ਰੋਡ ਤੱਕ ਗਿਆ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਪੰਜਾਬ ਪ੍ਰਧਾਨ ਹਰਭਜਨ ਸੁਮਨ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਘਟਨਾ ਨੂੰ ਕਈ ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਦਾ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਰਹਿਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਵਿੱਚ ਸਥਿਤ ਡਾ. ਅੰਬੇਡਕਰ ਦੇ ਸਮੁੱਚੇ ਬੁੱਤਾਂ ਦੀ ਸੁਰੱਖਿਆ ਲਈ ਸੀ ਸੀ ਟੀ ਵੀ ਕੈਮਰੇ ਲਾਏ ਜਾਣ ਅਤੇ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ। ਇਸੇ ਤਰ੍ਹਾਂ ਦਸੂਹਾ ਵਿੱਚ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਸਾਬਕਾ ਕੌਂਸਲਰ ਸੁਦੇਸ਼ ਭੱਟੀ ਦੀ ਅਗਵਾਈ ਹੇਠ ਮਿਸ਼ਨ ਰੋਡ ’ਤੇ ਵਿਸ਼ੇਸ਼ ਬੈਠਕ ਕੀਤੀ ਗਈ।
ਦਲਿਤਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ ਕਾਂਗਰਸ: ਧਾਲੀਵਾਲ
ਫਗਵਾੜਾ (ਜਸਬੀਰ ਚਾਨਾ): ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਸੂਰਜ ਠਾਕੁਰ ਨੇ ਫਗਵਾੜਾ ਵਿੱਚ ਕਪੂਰਥਲਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਆਗੂਆਂ ਨਾਲ ਮੀਟਿੰਗ ਕਰ ਕੇ 15 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਇਨਸਾਫ਼ ਧਰਨੇ ਦੀ ਤਿਆਰੀ ਦਾ ਜਾਇਜ਼ਾ ਲਿਆ। ਮੀਟਿੰਗ ਦੀ ਅਗਵਾਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤੀ। ਸੂਰਜ ਠਾਕੁਰ ਨੇ ਕਿਹਾ ਕਿ ਇਹ ਲੜਾਈ ਮਰਹੂਮ ਗੁਲਜ਼ਾਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹੈ, ਜਿਸ ਦੀ ਅਗਵਾਈ ਸੀਨੀਅਰ ਆਗੂ ਸਚਿਨ ਪਾਇਲਟ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪੀੜਤ ਪਰਿਵਾਰ ਨਾਲ ਡੱਟ ਕੇ ਖੜ੍ਹੀ ਹੈ।

