Phagwara Accident: ਫਗਵਾੜਾ ਦੇ ਸ਼ੂਗਰ ਮਿੱਲ ਚੌਕ ’ਚ ਦੋ ਸੜਕ ਹਾਦਸਿਆਂ ਕਾਰਨ ਲੱਗਿਆ ਜਾਮ; ਬਜ਼ੁਰਗ ਗੰਭੀਰ ਜ਼ਖ਼ਮੀ
ਪਹਿਲਾਂ ਅਣਪਛਾਤੇ ਵਾਹਨ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ; ਜਾਮ ਦੌਰਾਨ ਟਰੱਕ ਅਤੇ ਕਾਰ ਵਿਚਾਲੇ ਹੋਈ ਦੂਜੀ ਟੱਕਰ
Phagwara Accident: ਫਗਵਾੜਾ ਦੇ ਸਭ ਤੋਂ ਰੁੱਝੇ ਹੋਏ ਇਲਾਕਿਆਂ ਵਿੱਚੋਂ ਇੱਕ, ਸ਼ੂਗਰ ਮਿੱਲ ਚੌਕ ਵਿਖੇ ਮੰਗਲਵਾਰ ਸਵੇਰੇ ਕੁਝ ਹੀ ਸਮੇਂ ਦੇ ਅੰਦਰ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਅਤੇ ਵਾਹਨਾਂ ਦਾ ਲੰਮਾ ਜਾਮ ਲੱਗ ਗਿਆ। ਇਨ੍ਹਾਂ ਹਾਦਸਿਆਂ ਦੌਰਾਨ ਇੱਕ ਬਜ਼ੁਰਗ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪਹਿਲੇ ਹਾਦਸੇ ਕਾਰਨ ਲੱਗੇ ਜਾਮ ਦੌਰਾਨ ਹੀ ਇੱਕ ਟਰੱਕ ਅਤੇ ਕਾਰ ਵਿਚਾਲੇ ਦੂਜੀ ਟੱਕਰ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਇੱਕ ਬਜ਼ੁਰਗ ਸਾਈਕਲ ਸਵਾਰ ਸ਼ੂਗਰ ਮਿੱਲ ਚੌਕ ਨੇੜੇ ਸੜਕ ਪਾਰ ਕਰ ਰਿਹਾ ਸੀ, ਜਦੋਂ ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿੱਚ ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਇਸ ਹਿੱਟ-ਐਂਡ-ਰਨ ਘਟਨਾ ਤੋਂ ਤੁਰੰਤ ਬਾਅਦ ਚੌਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸੇ ਦੌਰਾਨ ਜਾਮ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਇੱਕ ਟਰੱਕ ਦੀ ਸੜਕ ਕਿਨਾਰੇ ਖੜ੍ਹੀ ਕਾਰ ਨਾਲ ਟੱਕਰ ਹੋ ਗਈ। ਕਾਰ ਚਾਲਕ ਗੌਰਵ ਨੇ ਦੱਸਿਆ ਕਿ ਉਸ ਨੇ ਅਗਲੇ ਹਾਦਸੇ ਕਾਰਨ ਲੱਗੇ ਜਾਮ ਨੂੰ ਦੇਖਦੇ ਹੋਏ ਆਪਣੀ ਗੱਡੀ ਰੋਕੀ ਹੋਈ ਸੀ, ਜਦਕਿ ਟਰੱਕ ਡਰਾਈਵਰ ਸੁਰਿੰਦਰ ਦਾ ਕਹਿਣਾ ਸੀ ਕਿ ਜਾਮ ਦੌਰਾਨ ਕਾਰ ਦੇ ਅਚਾਨਕ ਇੱਕ ਪਾਸੇ ਹੋਣ ਕਾਰਨ ਇਹ ਸੰਤੁਲਨ ਵਿਗੜਿਆ ਅਤੇ ਟੱਕਰ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਟਰੈਫ਼ਿਕ ਬਹਾਲ ਕਰਵਾਇਆ। ਪੁਲੀਸ ਵੱਲੋਂ ਪਹਿਲੇ ਹਾਦਸੇ ਦੇ ਫ਼ਰਾਰ ਵਾਹਨ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

