ਇੱਥੋਂ ਦੇ ਮੋਤੀ ਬਾਜ਼ਾਰ ਇਲਾਕੇ ਵਿੱਚ ਦੋ ਪਰਿਵਾਰਾਂ ਦਰਮਿਆਨ ਚੱਲ ਰਿਹਾ ਤਣਾਅ ਵਧਣ ਕਾਰਨ ਹੋਏ ਝਗੜੇ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮਦਨ ਲਾਲ ਵਾਸੀ ਮੋਤੀ ਬਾਜ਼ਾਰ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ। ਇਸ ਦੌਰਾਨ ਪੰਜ ਤੋਂ ਛੇ ਨੌਜਵਾਨ ਉੱਥੇ ਆਏ ਅਤੇ ਆਉਂਦਿਆਂ ਹੀ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਮਲਾ ਪਹਿਲਾਂ ਔਰਤਾਂ ਵਿਚਕਾਰ ਹੋਏ ਆਪਸੀ ਝਗੜੇ ਤੋਂ ਬਾਅਦ ਕੀਤਾ ਗਿਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਜਸਵਿੰਦਰ ਕੌਰ ਨੇ ਦੱਸਿਆ ਕਿ ਇਸ ਹਮਲੇ ਵਿੱਚ ਉਸ ਦੇ ਸਹੁਰੇ, ਉਸ ਦਾ ਪਤੀ ਅਤੇ ਇੱਕ ਹੋਰ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ। ਇਸ ਤੋਂ ਬਾਅਦ ਐੱਸ ਐੱਚ ਓ ਸਿਟੀ ਅਮਨਪ੍ਰੀਤ ਕੌਰ ਪੁਲੀਸ ਫੋਰਸ ਸਣੇ ਘਟਨਾ ਸਥਾਨ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਪੁਲੀਸ ਨੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਮਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਨੌਜਵਾਨਾਂ ਨੂੰ ਬਾਹਰੋਂ ਬੁਲਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਸਥਾਨ ਨੇੜੇ ਕੁਝ ਵਾਹਨ ਵੀ ਮਿਲੇ ਹਨ। ਘਟਨਾ ਸਬੰਧੀ ਪੁਲੀਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

