ਸ਼ਰਾਬ ਦੇ ਠੇਕੇ ਖ਼ਿਲਾਫ਼ ਇੱਕਜੁੱਟ ਹੋਏ ਲੋਕ
ਨੰਬਰਦਾਰ ਸੁਰਿੰਦਰ ਸਿੰਘ, ਸਾਬਕਾ ਫੌਜੀ ਸਮਿੰਦਰ ਸਿੰਘ, ਵਿਜੈ ਕੁਮਾਰ ਤੇ ਸੱਤਪਾਲ ਨੇ ਦੱਸਿਆ ਕਿ ਪਿਛਲੇ 10-12 ਦਿਨਾਂ ਤੋਂ ਤਲਵਾੜਾ-ਦੌਲਤਪੁਰ ਰੋਡ ’ਤੇ ਪੈਂਦੇ ਪਿੰਡ ਖਮਤਾ ਪੱਤੀ ਅਤੇ ਭਵਨੌਰ ਦੀ ਹੱਦ ’ਤੇ ਨਵਾਂ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ। ਇਹ ਠੇਕਾ ਸਰਕਾਰ ਵੱਲੋਂ ਕਰੀਬ 85 ਲੱਖ ਦੀ ਲਾਗਤ ਨਾਲ ਬਣਾਈ ਖੇਡ ਨਰਸਰੀ ਤੋਂ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੈ। ਇਸ ਦੇ ਦੂਜੇ ਪਾਸੇ ਮਾਤਰ 50 ਮੀਟਰ ਦੀ ਦੂਰੀ ’ਤੇ ਮੰਦਰ ਅਤੇ ਖੇਡ ਗਰਾਊਂਡ ਹੈ। ਜਦਕਿ ਭਵਨੌਰ ’ਚ ਪਹਿਲਾਂ ਹੀ ਇੱਕ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੋਇਆ ਹੈ ਜੋ ਨਵੇਂ ਠੇਕੇ ਤੋਂ ਮਹਿਜ਼ 500 ਮੀਟਰ ਦੀ ਦੂਰੀ ’ਤੇ ਸਥਿਤ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕਰੋੜਾਂ ਰੁਪਏ ਲੋਕਾਂ ਨੂੰ ਜਾਗਰੂਕ ਕਰਨ ’ਤੇ ਖਰਚ ਕਰ ਰਹੀ ਹੈ, ਦੂਜੇ ਬੰਨੇ ਪਿੰਡਾਂ ’ਚ ਬਿਨਾਂ ਸਹਿਮਤੀ ਸ਼ਰਾਬ ਦੇ ਠੇਕੇ ਖੋਲ੍ਹਣ ਦੀਆਂ ਪ੍ਰਵਾਨਗੀਆਂ ਦਿੱਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਠੇਕੇ ਨੂੰ ਬੰਦ ਕਰਵਾਉਣ ਲਈ ਕਰੀਬ 150 ਤੋਂ ਵੱਧ ਵਿਅਕਤੀਆਂ ਦੇ ਦਸਤਖ਼ਤਾਂ ਵਾਲੀ ਲਿਖਤੀ ਸ਼ਿਕਾਇਤ ਐਕਸਾਈਜ਼ ਕਮਿਸ਼ਨਰ, ਚੰਡੀਗੜ੍ਹ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐੱਸ ਡੀ ਐੱਮ ਮੁਕੇਰੀਆਂ ਨੂੰ ਭੇਜੀ ਹੈ। ਅੱਜ ਉਨ੍ਹਾਂ ਠੇਕਾ ਬੰਦ ਕਰਵਾਉਣ ਲਈ ਹਲਕਾ ਵਿਧਾਇਕ ਕਰਮਬੀਰ ਘੁੰਮਣ ਨੂੰ ਵੀ ਮੰਗ ਪੱਤਰ ਸੌਂਪਿਆ ਹੈ। ਵਿਧਾਇਕ ਘੁੰਮਣ ਨੇ ਲੋਕਾਂ ਨੂੰ ਜਲਦ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਠੇਕਾ ਬੰਦ ਨਾ ਹੋਣ ਦੀ ਸੂਰਤ ਵਿਚ ਪਿੰਡ ਵਾਸੀਆਂ ਨੇ ਤਲਵਾੜਾ - ਦੌਲਤਪੁਰ ਸੜਕ ਮਾਰਗ ਜਾਮ ਕਰਕੇ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ। ਈਟੀਓ ਐਕਸਾਈਜ਼ ਭੁਪਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਟਿੱਪਣੀ ਕਰਨ ਦੀ ਗੱਲ ਕਹੀ।
