DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਲੇਵਾਲ ਬੀਤ ’ਚ ਲੋਕਾਂ ਨੇ ਠੇਕੇ ਨੂੰ ਤਾਲਾ ਲਾ ਕੇ ਪ੍ਰਦਰਸ਼ਨ ਕੀਤਾ

ਠੇਕਾ ਬੰਦ ਕਰਨ ਲੲੀ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ

  • fb
  • twitter
  • whatsapp
  • whatsapp
featured-img featured-img
ਕਾਲੇਵਾਲ ਬੀਤ ’ਚ ਠੇਕੇ ਦੀ ਬਰਾਂਚ ਅੱਗੇ ਨਾਅਰੇਬਾਜ਼ੀ ਕਰਦੇ ਪਿੰਡ ਵਾਸੀ।
Advertisement

ਪਿੰਡ ਕਾਲੇਵਾਲ ਬੀਤ ਵਿੱਚ ਖੁੱਲ੍ਹੇ ਸ਼ਰਾਬ ਦੇ ਠੇਕੇ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਤੇ ਅੱਜ ਠੇਕੇ ਨੂੰ ਤਾਲਾ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਨੂੰ 24 ਘੰਟਿਆਂ ਦੇ ਅੰਦਰ ਬਰਾਂਚ ਬੰਦ ਕਰਨ ਦਾ ਅਲਟੀਮੇਟਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਹੱਦ ’ਤੇ ਪੈਂਦਾ ਸ਼ਰਾਬ ਦਾ ਠੇਕਾ ਉਕਤ ਧਾਰਮਿਕ ਸਥਾਨ ਦੀ ਕਮੇਟੀ ਵਲੋਂ ਕੀਤੇ ਐਲਾਨ ਮਗਰੋਂ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਉਕਤ ਬਰਾਂਚ ਪਿੰਡ ਕਾਲੇਵਾਲ ਬੀਤ ਤੋਂ ਪਿੰਡ ਸੀਹਵਾ ਦੇ ਵਿਚਕਾਰ ਤਬਦੀਲ ਕਰ ਦਿੱਤੀ ਗਈ ਹੈ। ਇਸ ਮੌਕੇ ਕਾਲੇਵਾਲ, ਸੀਹਵਾ ਅਤੇ ਸ੍ਰੀ ਖੁਰਾਲਗੜ੍ਹ ਸਾਹਿਬ ਪਿੰਡ ਤੋਂ ਵੱਡੀ ਗਿਣਤੀ ਲੋਕਾਂ ਨੇ ਠੇਕੇ ’ਤੇ ਪਹੁੰਚ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਐਕਸਾਈਜ਼ ਵਿਭਾਗ ਤੇ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਇਹ ਠੇਕਾ ਮੁੜ ਖੋਲ੍ਹਿਆ ਗਿਆ ਹੈ ਜਦਕਿ ਇਸ ਦੀ ਕਿਸੇ ਪੰਚਾਇਤ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ ਨਵੇਂ ਬਣਾਏ ਠੇਕੇ ਤੋਂ ਬਿਲਕੁਲ ਨੇੜੇ ਸਰਕਾਰੀ ਸਕੂਲ ਹੈ ਜਿਥੇ ਬੱਚੇ ਪੜ੍ਹਨ ਆਉਂਦੇ ਹਨ ਅਤੇ ਦੂਜੇ ਪਾਸੇ ਪਿੰਡ ਸੀਹਵਾ ਵਿਚ ਪ੍ਰਾਚੀਨ ਮਾਤਾ ਮਨਸਾ ਦੇਵੀ ਦਾ ਮੰਦਰ ਹੈ। ਕਾਮਰੇਡ ਵਿਕੀ ਰਾਣਾ ਪੰਚ, ਲਖਵੀਰ ਲੱਖਾ, ਮਨੋਜ ਕੁਮਾਰ ਪੰਚ, ਮਨੋਹਰ ਰਾਣਾ ਪੰਚ ਨੇ ਕਿਹਾ ਕਿ ਠੇਕਾ ਖੁੱਲ੍ਹਣ ਕਰਕੇ ਨੇੜਲੇ ਖੇਤਾਂ ਵਿੱਚ ਸਵੇਰ ਸ਼ਾਮ ਕੰਮ ਨੂੰ ਜਾਣ ਵਾਲੀਆਂ ਔਰਤਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰਦਰਸ਼ਨ ਵਿਚ ਪਿੰਡ ਵਾਸੀਆ ਨੇ ਪ੍ਰਸ਼ਾਸਨ ਨੂੰ 24 ਘੰਟਿਆਂ ਅੰਦਰ ਇਹ ਠੇਕਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਦਾ ਐਲਾਨ ਕੀਤਾ ਹੈ। ਇਸ ਬਾਰੇ ਈ ਟੀ ਓ ਨਵਜੋਤ ਭਾਰਤੀ ਨਾਲ ਸੰਪਰਕ ਕਰਨ ’ਤੇ ਉਨਾਂ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

Advertisement
Advertisement
×