Peaceful Protest: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਦੇ ਘਰ ਅੱਗੇ ਧਰਨਾ
ਬਹਿਰੀਨ ਤੋਂ ਆੲੀ ਅੌਰਤ ਦੇ ਮਾਮਲੇ ਵਿੱਚ ਧਾਮੀ ਦਾ ਅਸਤੀਫ਼ਾ ਮੰਗਿਆ
ਸਿੱਖ ਜਥੇਬੰਦੀਆਂ ਦੇ ਸਾਂਝੇ ਜਥੇ ਨੇ ਅੱਜ ਅਲਾਇੰਸ ਸਿੱਖ ਆਰਗੇਨਾਈਜੇਸ਼ਨ ਦੇ ਬੈਨਰ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਰਿਹਾਇਸ਼ ਦੇ ਬਾਹਰ ਪਹੁੰਚ ਕੇ ਸ਼ਾਂਤਮਈ ਧਰਨਾ ਦਿੱਤਾ। ਸਿੱਖ ਕਾਰਕੁਨਾਂ ਨੇ ਹੱਥਾਂ ਵਿਚ ਤਖਤੀਆਂ ਫ਼ੜੀਆਂ ਹੋਈਆਂ ਸਨ ਜਿਨ੍ਹਾਂ ਰਾਹੀਂ ਉਨ੍ਹਾਂ ਐਡਵੋਕੇਟ ਧਾਮੀ ਨੂੰ ਬਹਿਰੀਨ ਤੋਂ ਆਈ ਔਰਤ ਵਾਲੇ ਮਾਮਲੇ ਵਿੱਚ ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਇਸ ਬੀਬੀ ਨੂੰ ਸ੍ਰੀ ਕੇਸਗੜ੍ਹ ਸਾਹਿਬ ਦੀ ਸਰਾਂ ਵਿੱਚ 6 ਮਹੀਨਿਆਂ ਤੋਂ ਵੀ ਵੱਧ ਸਮਾਂ ਕਿਸ ਦੇ ਆਦੇਸ਼ ’ਤੇ ਰੱਖਿਆ ਗਿਆ ਤੇ ਕਿਸ ਦੇ ਕਹਿਣ ’ਤੇ ਉਸ ਨੂੰ ਗੱਡੀ, ਮੁਲਾਜ਼ਮ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ। ਜੇ ਅਕਾਲੀ ਦਲ ਦੇ ਆਗੂਆਂ ਮੁਤਾਬਿਕ ਇਸ ਔਰਤ ਦਾ ਪਿਛੋਕੜ ਠੀਕ ਨਹੀਂ ਸੀ ਤਾਂ ਉਸ ਦੇ ਆਉਣ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਉਸ ਦੇ ਰਹਿਣ ਦਾ ਪ੍ਰਬੰਧ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਜੋ ਵੀ ਵਰਤਾਰਾ ਹੋਇਆ, ਉਹ ਸ਼੍ਰੋਮਣੀ ਸੰਸਥਾ ਦੇ ਵੱਕਾਰ ਨੂੰ ਨਿਸ਼ਾਨਾ ਬਣਾਉਣ ਵਾਲਾ ਸੀ ਅਤੇ ਇਹ ਐਡਵੋਕੇਟ ਧਾਮੀ ਦੇ ਪ੍ਰਬੰਧ ਅਧੀਨ ਹੋਇਆ। ਉਨ੍ਹਾਂ ਕਿਹਾ ਕਿ ਧਾਮੀ ਕੋਲ ਪ੍ਰਧਾਨ ਦੇ ਆਹੁਦੇ ’ਤੇ ਬਣੇ ਰਹਿਣ ਦਾ ਨੈਤਿਕ ਹੱਕ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਰੋਲ ਸ਼ੱਕੀ ਹੈ ਜਿਸ ਕਰ ਕੇ ਇਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਧਾਮੀ ਦੇ ਆਹੁਦੇ ’ਤੇ ਰਹਿੰਦਿਆਂ ਹੇਠਲੇ ਮੁਲਾਜ਼ਮ ਤੇ ਅਹੁਦੇਦਾਰ ਨਿਰਪੱਖ ਜਾਂਚ ਵਿਚ ਸਹਿਯੋਗ ਨਹੀਂ ਕਰ ਸਕਣਗੇ। ਕਾਰਕੁਨਾਂ ਨੇ ਕਿਹਾ ਕਿ ਐਡਵੋਕੇਟ ਧਾਮੀ ਆਉਣ ਵਾਲੇ 72 ਘੰਟਿਆਂ ’ਚ ਸਵਾਲਾਂ ਦਾ ਜਵਾਬ ਦੇਣ ਅਤੇ ਆਪਣੇ ਆਹੁਦੇ ਤੋਂ ਲਾਂਭੇ ਹੋਣ ਬਾਰੇ ਜਲਦੀ ਫ਼ੈਸਲਾ ਕਰਨ। ਉਨ੍ਹਾਂ ਕਿਹਾ ਅਸਤੀਫ਼ਾ ਨਾ ਦੇਣ ਦੀ ਸੂਰਤ ਵਿੱਚ 251 ਮੈਂਬਰੀ ਜਥਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੱਘ ਗੜਗੱਜ ਨੂੰ ਮਿਲ ਕੇ ਧਾਮੀ ਨੂੰ ਅਹੁਦੇ ਤੋਂ ਹਟਾਉਣ ਦੀ ਬੇਨਤੀ ਕਰੇਗਾ।

