Parwinder Singh Jhota Murder: ਮਾਨਸਾ ਘਟਨਾ ਸਬੰਧੀ ਸਰਕਾਰ ਖ਼ਿਲਾਫ਼ ਨਿੱਤਰੇ ਕਾਂਗਰਸੀ
ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਪੁਤਲਾ ਫੂਕਿਆ; ਪਰਵਿੰਦਰ ਝੋਟੇ ਦੇ ਪਰਿਵਾਰ ਲੲੀ ਇਨਸਾਫ਼ ਦੀ ਮੰਗ
ਮਾਨਸਾ ਵਿੱਚ ਨਸ਼ਾ ਵਿਰੋਧੀ ਕਮੇਟੀ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਦੇ ਵਿਰੋਧ ਵਿੱਚ ਕਸਬਾ ਹਰਿਆਣਾ ’ਚ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਚੌਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਰਵਜੋਤ ਸਿੰਘ ਦਾ ਪੁਤਲਾ ਵੀ ਫੂਕਿਆ ਗਿਆ। ਇਸ ਦੌਰਾਨ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਾਢੇ ਚਾਰ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ’ਤੇ ਨਸ਼ੇ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਮੌਜੂਦਾ ਸਰਕਾਰ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਨਾਲ ਪੁਰਾਣੀ ਰੰਜ਼ਿਸ ਦਾ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਪੱਟੀਆਂ ਲਗਾ ਕੇ ਰੋਸ ਜਾਹਿਰ ਕਰਦੇ ਹੋਏ ਇਸ ਮਾਮਲੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਸੌਰਵ ਆਦੀਆ, ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਭੂੰਗਾ, ਸਾਬਕਾ ਪ੍ਰਧਾਨ ਇਕਬਾਲ ਸਿੰਘ ਬੁੱਗਾ, ਕਮਲਜੀਤ ਸਿੰਘ ਸ਼ਾਹੀ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਹੁਸ਼ਿਆਰਪੁਰ, ਸੂਧਾਂਸੂ ਮਿਸ਼ਰਾ ਯੂਥ ਕਾਂਗਰਸ ਪ੍ਰਧਾਨ ਸ਼ਾਮ ਚੋਰਾਸੀ, ਰਾਜੇਸ਼ ਕੁਮਾਰ ਹੈਪੀ, ਪਵਿੱਤਰ ਦੀਪ ਸਿੰਘ ਜਨਰਲ ਸਕੱਤਰ ਯੂਥ ਵਿੰਗ, ਰਮਨ ਕੁਮਾਰ ਐੱਮਸੀ, ਜਸਕਰਨ ਸੈਣੀ, ਕਾਕਾ ਬਸੀ ਉਮਰ ਖਾਂ, ਕੁਲਵਿੰਦਰ ਸਿੰਘ ਬਿੱਲਾ ਨੁਸ਼ਹਿਰਾ, ਸੋਨੂੰ ਫੌਜੀ, ਸੁਲਿੰਦਰ ਪਾਲ ਸਿੰਘ ਕੋਟਲੀ, ਦਨੇਸ਼ ਕੁਮਾਰ, ਸੁਖਦੇਵ ਕੁਮਾਰ, ਅਤੁਲ ਸਹੋਤਾ, ਰਾਮ ਸਿੰਘ ਡਡਿਆਣਾ, ਮਨੋਹਰ ਸਿੰਘ ਕਾਕਾ ਹਾਜ਼ਰ ਸਨ।
ਪਰਵਿੰਦਰ ਦਾ ਕਤਲ ਸਰਕਾਰੀ ਤੰਤਰ ਅਤੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਦਾ ਸਿੱਟਾ: ਹਵਾਰਾ ਕਮੇਟੀ
ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ): ਹਵਾਰਾ ਕਮੇਟੀ ਨੇ ਦੋਸ਼ ਲਾਇਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਰਕਾਰੀ ਤੰਤਰ ਅਤੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਕਾਰਨ ਹੋਇਆ ਹੈ। ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ ਅਤੇ ਡਾ. ਸੁਖਦੇਵ ਸਿੰਘ ਬਾਬਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਬਾਕਸਿੰਗ ਦਾ ਵਧੀਆ ਖਿਡਾਰੀ ਸੀ, ਪਿਛਲੇ ਕਾਫੀ ਸਮੇਂ ਤੋਂ ਐਂਟੀ ਡਰੱਗ ਫੋਰਸ ਦੇ ਸੰਚਾਲਕ ਵਜੋਂ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਿਹਾ ਸੀ। ਹਵਾਰਾ ਕਮੇਟੀ ਨੇ ਕਿਹਾ ਕਿ ਹੁਣ ਜੋ ਨਸ਼ਾ ਤਸਕਰ ਦਾ ਘਰ ਅਤੇ ਦੁਕਾਨ ਢਾਹੀ ਗਈ ਹੈ, ਜੇ ਇਹ ਐਕਸ਼ਨ ਪਹਿਲਾਂ ਕੀਤਾ ਹੁੰਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਹਵਾਰਾ ਕਮੇਟੀ ਨੇ ਮੰਗ ਕੀਤੀ ਹੈ ਕਿ ਅਸ਼ਵਨੀ ਕੁਮਾਰ ਅਤੇ ਉਸ ਨੂੰ ਫੋਨ ਉੱਤੇ ਪਰਵਿੰਦਰ ਸਿੰਘ ਦਾ ਕਤਲ ਕਰਨ ਦਾ ਹੁਕਮ ਦੇਣ ਵਾਲੇ ਵਿਅਕਤੀ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ । ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

