ਸਿਆਸੀ ਮੈਦਾਨ ’ਚ ਵੀ ਪਰਗਟ ਨੇ ਕਈ ਰਿਕਾਰਡ ਤੋੜੇ
ਪੰਜਾਬ ਕਾਂਗਰਸ ਦੇ ਨਵੇਂ ਬਣੇ ਸੂਬਾਈ ਪ੍ਰਧਾਨ ਪਰਗਟ ਸਿੰਘ ਸਿਆਸਤ ਦੇ ਮੈਦਾਨ ਵਿੱਚ ਡਟੇ ਹੋਏ ਹਨ। ਆਪਣੇ ਪਿੰਡ ਮਿੱਠਾਪੁਰ ’ਚ ਹਾਕੀ ਦੇ ਘਾਹ ਦੇ ਮੈਦਾਨ ’ਤੇ ਖੇਡਣ ਵਾਲੇ ਪਰਗਟ ਸਿੰਘ ਨੇ ਓਲੰਪਿਕ ਵਿੱਚ ਲਗਤਾਰ ਦੋ ਵਾਰ ਕਪਤਾਨੀ ਕਰਕੇ ਵਿਸ਼ਵ ਰਿਕਾਰਡ...
ਪੰਜਾਬ ਕਾਂਗਰਸ ਦੇ ਨਵੇਂ ਬਣੇ ਸੂਬਾਈ ਪ੍ਰਧਾਨ ਪਰਗਟ ਸਿੰਘ ਸਿਆਸਤ ਦੇ ਮੈਦਾਨ ਵਿੱਚ ਡਟੇ ਹੋਏ ਹਨ। ਆਪਣੇ ਪਿੰਡ ਮਿੱਠਾਪੁਰ ’ਚ ਹਾਕੀ ਦੇ ਘਾਹ ਦੇ ਮੈਦਾਨ ’ਤੇ ਖੇਡਣ ਵਾਲੇ ਪਰਗਟ ਸਿੰਘ ਨੇ ਓਲੰਪਿਕ ਵਿੱਚ ਲਗਤਾਰ ਦੋ ਵਾਰ ਕਪਤਾਨੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ। ਅਰਜਨ ਐਵਾਰਡੀ ਅਤੇ ਪਦਮਸ੍ਰੀ ਵਰਗੇ ਮਾਣਮੱਤੇ ਸਨਮਾਨ ਲੈਣ ਵਾਲੇ ਪਰਗਟ ਸਿੰਘ ਨੇ ਕਦੇ ਵੀ ਆਪਣੇ ਸਵੈਮਾਣ ਨੂੰ ਸੱਟ ਨਹੀਂ ਵੱਜਣ ਦਿੱਤੀ। ਖੇਡ ਡਾਇਰੈਕਟਰ ਹੁੰਦਿਆਂ ਪਰਗਟ ਸਿੰਘ ਦਾ ਕੇ ਪੀ ਐੱਸ ਗਿੱਲ ਨਾਲ ਵੀ ਟਕਰਾਅ ਹੋ ਗਿਆ ਸੀ। ਉਦੋਂ ਕੇ ਪੀ ਐੱਸ ਗਿੱਲ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਸਨ। ਸਾਬਕਾ ਕੇਂਦਰੀ ਖੇਡ ਮੰਤਰੀ ਸੁਰੇਸ਼ ਕਲਮਾਡੀ ਨਾਲ ਵੀ ਪਰਗਟ ਸਿੰਘ ਸਿੱਧੇ ਟਕਰਾਅ ਵਿਚ ਪੈ ਗਏ ਸਨ। ਸਾਲ 2012 ਵਿੱਚ ਉਹ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ ਸਨ। ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੀ ਇਹ ਖਾਸ ਗੱਲ ਹੈ ਕਿ ਇਸ ਹਲਕੇ ਤੋਂ ਕਦੇ ਵੀ ਕੋਈ ਆਗੂ ਦੂਜੀ ਵਾਰ ਵਿਧਾਇਕ ਨਹੀਂ ਸੀ ਬਣਿਆ। ਪਰਗਟ ਸਿੰਘ ਸਾਲ 2012 ਤੋਂ ਇਸ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ ਪਰ ਉਨ੍ਹਾਂ ਨੇ ਅਜਿਹੇ ਪੈਰ ਜਮਾਏ ਕਿ ਉਨ੍ਹਾਂ ਨੇ ਲਗਾਤਾਰ ਇਸ ਹਲਕੇ ਤੋਂ ਤੀਜੀ ਵਾਰ ਜਿੱਤ ਦਰਜ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪਹਿਲੀ ਵਾਰ ਉਹ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਤੋਂ ਬਣੇ ਸਨ ਪਰ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦਾ ਟਕਰਾਅ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋ ਗਿਆ ਜਦੋਂ ਉਨ੍ਹਾਂ ਨੇ ਸੰਸਦੀ ਸਕੱਤਰ ਬਣਨ ਤੋਂ ਇਨਕਾਰ ਕਰਦਿਆਂ ਵੱਡੇ ਬਾਦਲ ਨੂੰ ਇੱਕ ਚਿੱਠੀ ਲਿਖ ਦਿੱਤੀ। ਇਹ ਟਕਰਾਅ ਹੀ ਪਰਗਟ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕਾਂਗਰਸ ਵਿਚ ਲੈ ਆਇਆ। ਕਾਂਗਰਸ ਵਿੱਚ ਜਦੋਂ ਉਹ 2017 ਵਿੱਚ ਮੁੜ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤਿੱਖੀ ਭਾਸ਼ਾ ਵਿੱਚ ਇੱਕ ਚਿੱਠੀ ਲਿਖ ਦਿੱਤੀ ਸੀ।
ਦੋਆਬੇ ਤੋਂ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਚੌਥੇ ਆਗੂ਼
ਫਗਵਾੜਾ (ਜਸਬੀਰ ਸਿੰਘ ਚਾਨਾ): ਸਾਬਕਾ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਤਿੰਨ ਵਾਰ ਵਿਧਾਇਕ ਰਹੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਨਾਲ ਦੋਆਬੇ ਦੀ ਸਿਆਸਤ ਵਿੱਚ ਕਾਂਗਰਸ ਦੀ ਅਗਵਾਈ ਨੂੰ ਲੈ ਕੇ ਇੱਕ ਵਾਰ ਫਿਰ ਇਸ ਖੇਤਰ ਦੀ ਅਹਿਮੀਅਤ ਸਾਹਮਣੇ ਆਈ ਹੈ। ਪਰਗਟ ਸਿੰਘ ਦੋਆਬੇ ਤੋਂ ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਵਾਲੇ ਚੌਥੇ ਆਗੂ ਬਣ ਗਏ ਹਨ। ਇਸ ਤੋਂ ਪਹਿਲਾਂ ਦੋਆਬੇ ਨਾਲ ਸਬੰਧਤ ਮਹਿੰਦਰ ਸਿੰਘ ਕੇ ਪੀ ਅਤੇ ਮੇਜਰ ਜਨਰਲ ਰਾਜਿੰਦਰ ਸਿੰਘ ‘ਸਪੈਰੋ’ ਪੰਜਾਬ ਕਾਂਗਰਸ ਦੀ ਅਗਵਾਈ ਕਰ ਚੁੱਕੇ ਹਨ। ਪਰਗਟ ਸਿੰਘ ਦੇ ਪਰਿਵਾਰ ਦਾ ਵੀ ਪੰਜਾਬ ਕਾਂਗਰਸ ਦੀ ਅਗਵਾਈ ਨਾਲ ਪੁਰਾਣਾ ਸਬੰਧ ਰਿਹਾ ਹੈ। ਉਨ੍ਹਾਂ ਦੇ ਸਹੁਰੇ ਅਤੇ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ।

