ਭਡਿਆਰਾਂ ’ਚ ਤੇਂਦੂਆ ਨਜ਼ਰ ਆਉਣ ’ਤੇ ਦਹਿਸ਼ਤ
ਜੰਗਲੀ ਜੀਵ ਸੁਰੱਖਿਆ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਦੇ ਬਿਆਨ ਦਰਜ ਕੀਤੇ
ਅੱਡਾ ਝੀਰ ਦਾ ਖੂਹ ਕਮਾਹੀ ਦੇਵੀ ਮਾਰਗ ’ਤੇ ਪੈਂਦੇ ਪਿੰਡ ਭਡਿਆਰਾਂ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਸਵੇਰੇ ਸਕੂਲ ਜਾ ਰਹੇ ਚਾਰ ਬੱਚਿਆਂ ਨੇ ਰਸਤੇ ਵਿੱਚ ਤੇਂਦੂਆ ਦੇਖਿਆ। ਪਿੰਡ ਮੈਰਾ ਜੱਟਾਂ ਦੇ ਇਹ ਬੱਚੇ ਜੰਗਲੀ ਰਸਤੇ ਰਾਹੀਂ ਭਡਿਆਰਾਂ ਦੇ ਸਰਕਾਰੀ ਐਲੀਮੈਂਟਰੀ ਅਤੇ ਮਿਡਲ ਸਕੂਲ ਜਾ ਰਹੇ ਸਨ। ਬੱਚਿਆਂ ਵੱਲੋਂ ਰੌਲਾ ਪਾਉਣ ਉੱਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਤੇਂਦੂਆ ਜੰਗਲ ਵੱਲ ਭੱਜ ਗਿਆ। ਮੌਕੇ ’ਤੇ ਪਹੁੰਚੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਗਾਰਡ ਰਸ਼ਪਾਲ ਸਿੰਘ ਨੇ ਬੱਚਿਆਂ ਅਤੇ ਮਾਪਿਆਂ ਦੇ ਬਿਆਨ ਦਰਜ ਕੀਤੇ। ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਵੇਰਵਿਆਂ ਅਨੁਸਾਰ ਉਹ ਜਾਨਵਰ ਤੇਂਦੂਆ ਹੀ ਜਾਪਦਾ ਹੈ, ਜਿਸ ਨੂੰ ਫੜਨ ਲਈ ਵਿਭਾਗ ਵੱਲੋਂ ਪਹਿਲਾਂ ਹੀ ਪਿੰਜਰਾ ਲਗਾਇਆ ਹੋਇਆ ਹੈ। ਮੀਂਹ ਕਾਰਨ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਧੁੰਦਲੇ ਪੈ ਗਏ ਹਨ, ਜਿਸ ਕਾਰਨ ਸਪੱਸ਼ਟ ਪਛਾਣ ਵਿੱਚ ਦਿੱਕਤ ਆ ਰਹੀ ਹੈ।
ਸਕੂਲ ਅਧਿਆਪਕਾ ਮੈਡਮ ਸੋਨੀਆ ਨੇ ਦੱਸਿਆ ਕਿ ਸਕੂਲ ਵਿੱਚ 15 ਬੱਚਿਆਂ ਨੂੰ ਪੜ੍ਹਾਉਣ ਲਈ ਪਹਿਲਾਂ ਚਾਰ ਅਧਿਆਪਕ ਸਨ, ਜਿਨ੍ਹਾਂ ਨੇ ਆਪਣੇ ਨਿੱਜੀ ਖਰਚੇ ਉੱਤੇ ਬੱਚਿਆਂ ਲਈ ਵਾਹਨ ਦਾ ਪ੍ਰਬੰਧ ਕੀਤਾ ਹੋਇਆ ਸੀ। ਪਿਛਲੇ ਮਹੀਨੇ ਤਿੰਨ ਅਧਿਆਪਕਾਂ ਦੀ ਬਦਲੀ ਹੋਣ ਕਾਰਨ ਵਾਹਨ ਦਾ ਖਰਚਾ ਚੁੱਕਣਾ ਔਖਾ ਹੋ ਗਿਆ, ਜਿਸ ਕਰਕੇ ਬੱਚੇ ਪੈਦਲ ਆਉਣ ਲੱਗ ਪਏ। ਇਸ ਘਟਨਾ ਮਗਰੋਂ ਅਧਿਆਪਕਾ ਨੇ ਪਿੰਡ ਦੇ ਸਰਪੰਚ ਅਤੇ ਮਾਪਿਆਂ ਨੂੰ ਬੁਲਾ ਕੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਵਿਧਾਇਕ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੇ ਸੁਰੱਖਿਅਤ ਸਫ਼ਰ ਲਈ ਵਾਹਨ ਦਾ ਪ੍ਰਬੰਧ ਕਰਨ ਵਿੱਚ ਮਦਦ ਕਰਨ।

