Panchayat Protest: ਖੈਰਾਬਾਦ ਦੀ ਪੰਚਾਇਤ ਹਾਕਮ ਧਿਰ ਖ਼ਿਲਾਫ਼ ਨਿੱਤਰੀ
ਵਿਧਾਇਕ ’ਤੇ ਕੇਂਦਰੀ ਗਰਾਂਟ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਪਾਉਣ ਦਾ ਦੋਸ਼
ਪਿੰਡ ਖੈਰਾਬਾਦ ਦੀ ਪੰਚਾਇਤ ਨੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਅਤੇ ਹਾਕਮ ਧਿਰ ’ਤੇ ਕਥਿਤ ਸਿਆਸੀ ਰੰਜਿਸ਼ ਤਹਿਤ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਪੱਖਪਾਤ ਕਰਨ ਦੇ ਦੋਸ਼ ਲਾਏ ਹਨ। ਸਰਪੰਚ ਦਲਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਜੋ ਬਾਰ ਕੌਂਸਲ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਹਨ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਪੰਚਾਇਤ ਵੱਲੋਂ ਮਤੇ ਪਾਸ ਕਰਨ ਅਤੇ ਉਸਾਰੀ ਲਈ ਸਮੱਗਰੀ ਪਹੁੰਚਣ ਦੇ ਬਾਵਜੂਦ ਕਈ ਵਿਕਾਸ ਕਾਰਜ ਸ਼ੁਰੂ ਨਹੀਂ ਹੋ ਰਹੇ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਲਈ ਜਾਰੀ 15 ਲੱਖ ਰੁਪਏ ਦੀ ਗਰਾਂਟ ਨਾਲ ਕਰਵਾਏ ਜਾਣ ਵਾਲੇ ਕੰਮਾਂ ਵਿੱਚ ਵੀ ਅੜਿੱਕੇ ਪਾਏ ਜਾ ਰਹੇ ਹਨ। ਪੰਚਾਇਤ ਅਨੁਸਾਰ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੀ ਸੜਕ ਬਣਾਉਣ ਲਈ ਪਿਛਲੇ ਡੇਢ ਸਾਲ ਤੋਂ ਗਰਾਂਟ ਦੀ ਮੰਗ ਕੀਤੀ ਜਾ ਰਹੀ ਹੈ, ਪਰ ਮੰਗ ਪੂਰੀ ਨਹੀਂ ਹੋਈ। ਸਰਪੰਚ ਦਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਆਂਗਣਵਾੜੀ ਕੇਂਦਰ ਦੀ ਇਮਾਰਤ ਬਣਾਉਣ ਅਤੇ ਗੁਰਦੁਆਰੇ ਨੂੰ ਜਾਂਦੀ ਸੜਕ ਦੀ ਉਸਾਰੀ ਲਈ ਵੀ ਮਤੇ ਪਾਸ ਕੀਤੇ ਗਏ ਹਨ।
ਇਸ ਸਬੰਧੀ ਪੰਚਾਇਤ ਕਈ ਵਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਪਹੁੰਚ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦਾ ਕਰੀਬ 25 ਸਾਲ ਪੁਰਾਣਾ ਨਿਕਾਸੀ ਨਾਲਾ ਮੁੜ ਬਣਾਉਣ ਦੀ ਲੋੜ ਹੈ, ਪਰ ਇਸ ਨੂੰ ਢਾਹੁਣ ਦੀ ਆਗਿਆ ਨਾ ਮਿਲਣ ਕਾਰਨ ਕੰਮ ਲਟਕਿਆ ਹੋਇਆ ਹੈ। ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਨੇ ਦੋਸ਼ ਲਾਇਆ ਕਿ ਅਕਤੂਬਰ 2025 ਵਿੱਚ ਦੋ ਨਿਕਾਸੀ ਨਾਲਿਆਂ ਦੀ ਉਸਾਰੀ ਸਬੰਧੀ ਤਤਕਾਲੀ ਬੀ ਡੀ ਪੀ ਓ ਨਾਲ ਗੱਲਬਾਤ ਕੀਤੀ ਗਈ ਸੀ। ਮਗਰੋਂ ਉਨ੍ਹਾਂ ਖਿਲਾਫ ਕਥਿਤ ਸਿਆਸੀ ਸਰਪ੍ਰਸਤੀ ਹੇਠ ਪੁਲੀਸ ਕਾਰਵਾਈ ਕਰਵਾਈ ਗਈ।
ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਵੱਲੋਂ ਕੇਂਦਰ ਦੀ ਗਰਾਂਟ ਨੂੰ ਪੰਜਾਬ ਸਰਕਾਰ ਦੀ ਗਰਾਂਟ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਚਾਇਤ ਨੇ ਮੰਗ ਕੀਤੀ ਕਿ ਪਿੰਡ ਦੇ ਲਟਕਦੇ ਵਿਕਾਸ ਕਾਰਜ ਤੁਰੰਤ ਸ਼ੁਰੂ ਕਰਵਾਏ ਜਾਣ ਅਤੇ ਗਰਾਂਟਾਂ ਦੀ ਵਰਤੋਂ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਵੇ। ਇਸ ਮੌਕੇ ਪਿੰਡ ਵਾਸੀਆਂ ਨੇ ਕਥਿਤ ਪੱਖਪਾਤ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਵਿਧਾਇਕ ਨੇ ਪੱਖਪਾਤ ਦੇ ਦੋਸ਼ ਨਕਾਰੇ
ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਪਿੰਡ ਖੈਰਾਬਾਦ ਦੀ ਪੰਚਾਇਤ ਵੱਲੋਂ ਲਾਏ ਪੱਖਪਾਤ, ਕੇਂਦਰੀ ਗਰਾਂਟ ਦੀ ਰਕਮ ਅਤੇ ਵਿਕਾਸ ਕਾਰਜਾਂ ਵਿੱਚ ਕਥਿਤ ਰੁਕਾਵਟਾਂ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਾਕਮ ਧਿਰ ਨੂੰ ਬਦਨਾਮ ਕਰਨ ਲਈ ਜਾਣਬੁੱਝ ਕੇ ਵਿਕਾਸ ਕਾਰਜ ਨਾ ਕਰਵਾਉਣ ਦੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਬਿਨਾਂ ਕਿਸੇ ਪੱਖਪਾਤ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਵਿਕਾਸ ਕਾਰਜਾਂ ਨੂੰ ਸਿਆਸੀ ਰੰਗਤ ਦੇਣ ਦੀ ਥਾਂ ਤੱਥਾਂ ਦੇ ਆਧਾਰ ’ਤੇ ਗੱਲ ਕਰਨੀ ਚਾਹੀਦੀ ਹੈ।

