ਭਾਰਤ-ਪਾਕਿ ਸਰਹੱਦ 'ਤੇ 20 ਕਿਲੋ ਹੈਰੋਇਨ ਦੇ ਨਾਲ ਪਾਕਿਸਤਾਨੀ ਝਾਂਜਰਾਂ ਬਰਾਮਦ
ਡਰੋਨ ਰਾਹੀਂ ਸੁੱਟੀ ਗਈ ਸੀ ਖੇਪ; ਪੁਲੀਸ ਜਾਂਚ ਵਿੱਚ ਜੁੱਟੀ
ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੀ ਸਰਹੱਦੀ ਚੌਂਕੀ (ਬੀ ਓ ਪੀ) ਪੱਛਰੀਆਂ ਨੇੜੇ ਪੰਜਾਬ ਪੁਲੀਸ ਅਤੇ ਬੀ ਐੱਸ ਐਫ (BSF) ਦੇ ਇੱਕ ਸਾਂਝੇ ਅਭਿਆਨ ਦੌਰਾਨ ਨਸ਼ੀਲੇ ਪਦਾਰਥਾਂ ਦੀ ਖੇਪ ਦੇ ਨਾਲ ਇੱਕ "ਅਨੋਖੀ" ਵਸਤੂ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਨੇ ਇੱਕ ਸੰਤਰੀ ਰੰਗ ਦੇ ਬੈਗ ਵਿੱਚੋਂ ਚਾਂਦੀ ਦੀਆਂ ਝਾਂਜਰਾਂ ਦੇ ਤਿੰਨ ਜੋੜੇ ਬਰਾਮਦ ਕੀਤੇ ਹਨ, ਜੋ ਆਮ ਤੌਰ 'ਤੇ ਔਰਤਾਂ ਦੁਆਰਾ ਪਹਿਨੀਆਂ ਜਾਂਦੀਆਂ ਹਨ। ਚਾਂਦੀ ਦੇ ਗਹਿਣਿਆਂ ਵਾਲੇ ਇਸ ਬੈਗ ਉੱਤੇ 'ਅਲੀ ਵਕਾਰ ਜਵੈਲਰਜ਼, ਮੇਨ ਬਾਜ਼ਾਰ, ਕਸੂਰ (ਪਾਕਿਸਤਾਨ)' ਦਾ ਨਾਮ ਲਿਖਿਆ ਹੋਇਆ ਸੀ।
ਇਸ ਤੋਂ ਇਲਾਵਾ, ਪੁਲੀਸ ਅਤੇ ਬੀ ਐੱਸ ਐਫ ਦੀ ਟੀਮ ਨੇ ਜੂਟ ਦੇ ਇੱਕ ਬੋਰੇ ਵਿੱਚੋਂ 20.298 ਕਿਲੋਗ੍ਰਾਮ ਹੈਰੋਇਨ ਵਾਲੇ 20 ਪੈਕੇਟ, ਕੁਝ ਰਾਡਾਂ (ਸਰੀਏ), ਪਲਾਸ ਅਤੇ ਲੋਹੇ ਦੀਆਂ ਦੋ ਤਾਰਾਂ ਵੀ ਜ਼ਬਤ ਕੀਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰੀ ਖੇਪ ਭਾਰਤੀ ਖੇਤਰ ਦੇ ਅੰਦਰ ਆਏ ਡਰੋਨਾਂ ਦੀ ਮਦਦ ਨਾਲ ਸੁੱਟੀ ਗਈ ਸੀ ਅਤੇ ਬਾਕੀ ਸਾਮਾਨ ਨਸ਼ਾ ਤਸਕਰਾਂ ਦੁਆਰਾ ਮੌਕੇ 'ਤੇ ਹੀ ਛੱਡ ਦਿੱਤਾ ਗਿਆ ਸੀ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ, ਐੱਸ ਐੱਸ ਪੀ (SSP) ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ, ਪੁਲੀਸ ਅਤੇ ਬੀ ਐੱਸ ਐੱਫ ਦੀ 99 ਬਟਾਲੀਅਨ ਦੇ ਜਵਾਨਾਂ ਵੱਲੋਂ ਇੱਕ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀ, ਜਿਸ ਦੌਰਾਨ ਬੀ ਓ ਪੀ ਪੱਛਰੀਆਂ ਦੇ ਨੇੜੇ ਪਿੰਡ ਪੱਧਰੀ ਦੇ ਖੇਤਾਂ ਵਿੱਚੋਂ ਇਹ ਖੇਪ ਬਰਾਮਦ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਭਾਵੇਂ ਇੱਕ ਆਮ ਗੱਲ ਹੈ, ਪਰ ਇਹ ਪਹਿਲੀ ਵਾਰ ਹੈ ਕਿ ਕੁਝ ਗਹਿਣੇ ਬਰਾਮਦ ਕੀਤੇ ਗਏ ਹਨ, ਜੋ ਸ਼ਾਇਦ ਭਾਰਤੀ ਨਸ਼ਾ ਤਸਕਰਾਂ ਵੱਲੋਂ ਮੰਗੇ ਗਏ ਹੋਣ ਜਾਂ ਫਿਰ ਪਾਕਿਸਤਾਨੀ ਤਸਕਰਾਂ ਵੱਲੋਂ ਤੋਹਫ਼ੇ ਵਜੋਂ ਭੇਜੇ ਗਏ ਹੋਣ।
ਜਾਣਕਾਰੀ ਅਨੁਸਾਰ, ਇਸ ਸਰਹੱਦੀ ਜ਼ਿਲ੍ਹੇ ਦੇ ਨੇੜੇ ਸਥਿਤ ਸਭ ਤੋਂ ਨਜ਼ਦੀਕੀ ਪਾਕਿਸਤਾਨੀ ਸ਼ਹਿਰ ਕਸੂਰ ਹੈ, ਜੋ ਕਿ ਪੰਜਾਬੀ "ਜੁੱਤੀਆਂ" ਅਤੇ ਇਸ ਤਰ੍ਹਾਂ ਦੇ ਗਹਿਣਿਆਂ ਲਈ ਮਸ਼ਹੂਰ ਹੈ।
ਐੱਸ ਐੱਸ ਪੀ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

