
ਕਰਤਾਰਪੁਰ ਨੇੜੇ ਪਰਾਲੀ ਨੂੰ ਲਗਾਈ ਅੱਗ ਕਾਰਨ ਉੱਠਦਾ ਹੋਇਆ ਧੂੰਆਂ।
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 14 ਅਕਤੂਬਰ
ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੇ ਬਾਵਜੂਦ ਕਰਤਾਰਪੁਰ- ਜੰਡੇਸਰਾਏ ਸੜਕ ’ਤੇ ਝੱਲ ਫਾਰਮ ਨੇੜੇ ਇਕ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ। ਧੂੰਏ ਕਾਰਨ ਵਾਤਾਵਰਨ ’ਤੇ ਮਾੜਾ ਅਸਰ ਪਿਆ ਅਤੇ ਰਾਹੀਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਜ਼ਿਲ੍ਹਾ ਖੇਤੀਬਾੜੀ ਦਫਤਰ ਜਲੰਧਰ ਦੇ ਅਧਿਕਾਰੀ ਨੇ ਅੱਗ ਲਗਾਉਣ ਸਬੰਧੀ ਐੱਸਡੀਐੱਮ ਦਫ਼ਤਰ ਵੱਲੋਂ ਕਾਰਵਾਈ ਕਰਨ ਬਾਰੇ ਕਹਿ ਕੇ ਪੱਲਾ ਝਾੜ ਲਿਆ। ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਸੜਕ ਕਿਨਾਰੇ ਬਨਸਪਤੀ ਵੀ ਨੁਕਸਾਨੀ ਗਈ।
ਇਸ ਸਬੰਧੀ ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਜ਼ੋਰ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਤੇ ਜ਼ਮੀਨ ਸਖ਼ਤ ਹੋ ਜਾਂਦੀ ਹੈ। ਖੇਤੀ ਲਈ ਸਹਾਇਕ ਮਿੱਤਰ ਕੀੜੇ ਮਰਨ ਨਾਲ ਫਸਲਾਂ ਦਾ ਝਾੜ ਘਟਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
ਨਾਇਬ ਤਹਿਸੀਲਦਾਰ ਵੱਲੋਂ ਕਾਰਵਾਈ ਦੀ ਚਿਤਾਵਨੀ
ਨਾਇਬ ਤਹਿਸੀਲਦਾਰ (ਕਰਤਾਰਪੁਰ) ਵਿਜੇ ਕੁਮਾਰ ਆਹੀਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕਾ ਕਾਨੂੰਨਗੋ ਦੀ ਅਗਵਾਈ ਵਿੱਚ ਪਟਵਾਰੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਪਛਾਣ ਕਰਨਗੇ ਅਤੇ ਡਿਫਾਲਟਰ ਕਿਸਾਨਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ