ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਦਾ ਵਿਰੋਧ
ਜਥੇਬੰਦੀਆਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰੇ; ਸ਼ੇਰੋਂ ਖੰਡ ਮਿੱਲ ਚਲਾਉਣ ਅਤੇ ਕਿਸਾਨਾਂ ਦੀ ਰਿਹਾਈ ਦੀ ਮੰਗ
ਸਹਿਕਾਰੀ ਖੰਡ ਮਿਲ ਸ਼ੇਰੋਂ ਦੀ ਜ਼ਮੀਨ ਹੋਰਨਾਂ ਸਰਕਾਰੀ ਅਦਾਰਿਆਂ ਨੂੰ ਅਲਾਟ ਕਰਨ ਖ਼ਿਲਾਫ਼ ਪੱਕਾ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਦੇ 17 ਆਗੂਆਂ ਨੂੰ ਲੰਘੇ ਦਿਨ ਗ੍ਰਿਫ਼ਤਾਰ ਕਰਨ ਖ਼ਿਲਾਫ਼ ਕਿਸਾਨਾਂ-ਮਜ਼ਦੂਰਾਂ ਆਦਿ ਵਰਗਾਂ ਦੇ ਲੋਕਾਂ ਨੇ ਸੂਬਾ ਸਰਕਾਰ ਖਿਲਾਫ ਗੁੱਸੇ ਦਾ ਪ੍ਰਗਟਾਵਾ ਕਰਦਿਆਂ ਰੈਲੀਆਂ ਕਰ ਕੇ ਸਰਕਾਰ ਦੀਆਂ ਅਰਥੀਆਂ ਫੂਕੀਆਂ।
ਜਮਹੂਰੀ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਦਿਹਾਤੀ ਮਜ਼ਦੂਰ, ਕੁੱਲ ਹਿੰਦ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਸਣੇ ਹੋਰ ਜਥੇਬੰਦੀਆਂ ਨੇ ਗ੍ਰਿਫ਼ਤਾਰ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਸਰਕਾਰ ਦੀ ਕਾਰਵਾਈ ਖ਼ਿਲਾਫ਼ ਹੋਰਨਾਂ ਜਨਤਕ ਜਥੇਬੰਦੀਆਂ ਨੇ ਵੀ ਰੋਸ ਪ੍ਰਦਰਸ਼ਨ ਕੀਤੇ ਹਨ।
ਪਾਵਰਕੌਮ ਦੇ ਮੁਲਾਜ਼ਮਾਂ ਨੇ ਅੱਜ ਇੱਥੇ ਅਦਾਰੇ ਦੇ ਸਰਕਲ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਤੇ ਸਹਿਕਾਰੀ ਖੰਡ ਮੁੜ ਚਾਲੂ ਕਰਨ ਅਤੇ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਪਾਵਰਕੌਮ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਗੁਰਭੇਜ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਬਾਗੜੀਆਂ, ਪੂਰਨ ਦਾਸ, ਆਦਿ ਨੇ ਕਿਹਾ ਕਿ ਖੰਡ ਮਿੱਲ ਨੂੰ ਚਾਲੂ ਕਰਵਾਉਣ ਦੀ ਸ਼ਾਂਤਮਈ ਢੰਗ ਨਾਲ ਮੰਗ ਕਰਨਾ ਗੈਰਵਾਜਬ ਨਹੀਂ ਹੈ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਨੈਸ਼ਨਲ ਹਾਈਵੇਅ-54 ਦੇ ਪਿੱਦੀ ਪਿੰਡ ਵਿੱਚ ਸਥਿਤ ਟਰੱਕ-ਲੇਅ ਵਿੱਚ ਅੱਜ ਇਕੱਠ ਕਰਕੇ ਸਹਿਕਾਰੀ ਖੰਡ ਮਿਲ ਸ਼ੇਰੋਂ ਦੀ ਜ਼ਮੀਨ ਹੋਰਨਾਂ ਅਦਾਰਿਆਂ ਨੂੰ ਅਲਾਟ ਕਰਨ ਖ਼ਿਲਾਫ਼ ਧਰਨਾ ਦੇ ਰਹੇ ਕਿਸਾਨਾਂ ਨੂੰ ਸਰਕਾਰ ਵੱਲੋਂ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ। ਜਥੇਬੰਦੀ ਦੇ ਆਗੂ ਸੁਖਵਿੰਦਰ ਸਿੰਘ ਦੁਗਲਵਾਲਾ, ਬਲਜਿੰਦਰ ਸਿੰਘ ਸ਼ੇਰੋਂ, ਨਿਸ਼ਾਨ ਸਿੰਘ ਸ਼ਾਹਾਬਪੁਰ ਨੇ ਕਿਹਾ ਕਿ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਪਹਿਲਾਂ ਹੀ ਕਿਸਾਨਾਂ ’ਤੇ ਲਗਾਤਾਰ ਤਸ਼ੱਦਦ ਢਾਹ ਰਹੀਆਂ ਹਨ ਪਰ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਸਰਕਾਰ ਨੇ ਆਪਣਾ ਜ਼ਾਲਮ ਚਿਹਰਾ ਹੋਰ ਨੰਗਾ ਕਰ ਲਿਆ ਹੈ। ਇਸ ਮੌਕੇ ਕਿਸਾਨਾਂ -ਮਜ਼ਦੂਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਵੀ ਸਾੜੀ।

