ਭਿੱਖੀਵਿੰਡ ਤੇ ਖਾਲੜਾ ’ਚ ਪਾਬੰਦੀਸ਼ੁਦਾ ਚੀਨੀ ਡੋਰ ਦੀ ਸ਼ਰੇਆਮ ਵਿਕਰੀ
ਲੋਕਾਂ ਨੇ ਪ੍ਰਸ਼ਾਸਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ; ਹਰ ਸਾਲ ਵਾਪਰਦੀਆਂ ਨੇ ਘਟਨਾਵਾਂ
ਭਿੱਖੀਵਿੰਡ ਅਤੇ ਖਾਲੜਾ ਏਰੀਆ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ| ਹਰ ਸਾਲ ਅਣਸੁਖਾਵੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਚੀਨੀ ਡੋਰ ਦੀ ਵਿਕਰੀ ਨੂੰ ਰੋਕਣ ਲਈ ਜ਼ਿੰਮੇਵਾਰ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ। ਭਾਵੇਂ ਪੰਜਾਬ ਸਰਕਾਰ ਵੱਲੋਂ ਚੀਨੀ ਡੋਰ ਸਟੋਰ ਕਰਨ ਤੇ ਵੇਚਣ ’ਤੇ ਪੂਰਨ ਪਾਬੰਦੀ ਲਾਈ ਗਈ ਹੈ ਪਰ ਭਿੱਖੀਵਿੰਡ ਅਤੇ ਖਾਲੜੇ ਵਿੱਚ ਡੋਰ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ। ਕੁਝ ਕੁ ਦਿਨ ਪਹਿਲਾਂ ਭਿੱਖੀਵਿੰਡ ਪੁਲੀਸ ਵੱਲੋਂ ਛਾਪੇ ਮਾਰੇ ਭਾਰੀ ਮਾਤਰਾ ਵਿੱਚ ਡੋਰ ਬਰਾਮਦ ਕੀਤੀ ਗਈ ਸੀ ਪ੍ਰੰਤੂ ਡੋਰ ਵੇਚਣ ਵਾਲੇ ਨੂੰ ਕਥਿਤ ਤੌਰ ’ਤੇ ਕਾਰਵਾਈ ਕੀਤੇ ਬਗੈਰ ਛੱਡ ਦਿੱਤਾ ਗਿਆ। ਕਾਮਰੇਡ ਸੁਖਦੇਵ ਸਿੰਘ ਕਾਲਾ ਨੇ ਕਿਹਾ ਕਿ ਕੁਝ ਕੁ ਲਾਲਚੀ ਦੁਕਾਨਦਾਰ ਜ਼ਿਆਦਾ ਪੈਸੇ ਕਮਾਉਣ ਖ਼ਾਤਰ ਪੰਛੀਆਂ ਤੇ ਇਨਸਾਨਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਲਾਲਚੀ ਲੋਕਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ।
ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ: ਥਾਣਾ ਮੁਖੀ ਖਾਲੜਾ
ਇਸ ਸਬੰਧੀ ਜਦੋਂ ਥਾਣਾ ਮੁਖੀ ਖਾਲੜਾ ਬਲਜਿੰਦਰ ਸਿੰਘ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਚੀਨੀ ਡੋਰ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ: ਐੱਸ ਐੱਸ ਪੀ
ਐੱਸ ਐੱਸ ਪੀ ਸੁਰੇਂਦਰ ਲਾਂਬਾ ਦਾ ਕਹਿਣਾ ਸੀ ਕਿ ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਚੀਨੀ ਡੋਰ ਵਿਕਰੇਤਾ ਨੂੰ ਬਿਨਾਂ ਕਰਵਾਈ ਛੱਡਣ ਸਬੰਧੀ ਬਰੀਕੀ ਨਾਲ ਜਾਂਚ ਕਰਕੇ ਮੁਲਜ਼ਮ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

