ਸੜਕ ਹਾਦਸੇ ’ਚ ਇੱਕ ਭਰਾ ਦੀ ਮੌਤ; ਦੂਜਾ ਜ਼ਖ਼ਮੀ
ਇੱਥੋਂ ਦੇ ਝਬਾਲ-ਅੰਮ੍ਰਿਤਸਰ ਬਾਈਪਾਸ ’ਤੇ ਪਿੰਡ ਕਾਜੀਕੋਟ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਸ਼ਨਾਖ਼ਤ ਮੇਜਰ ਸਿੰਘ (50) ਵਾਸੀ ਲਾਲੂ ਘੁੰਮਣ ਦੇ ਤੌਰ ’ਤੇ ਕੀਤੀ ਗਈ ਹੈ। ਮੇਜਰ...
ਇੱਥੋਂ ਦੇ ਝਬਾਲ-ਅੰਮ੍ਰਿਤਸਰ ਬਾਈਪਾਸ ’ਤੇ ਪਿੰਡ ਕਾਜੀਕੋਟ ਨੇੜੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਸ਼ਨਾਖ਼ਤ ਮੇਜਰ ਸਿੰਘ (50) ਵਾਸੀ ਲਾਲੂ ਘੁੰਮਣ ਦੇ ਤੌਰ ’ਤੇ ਕੀਤੀ ਗਈ ਹੈ। ਮੇਜਰ ਅਤੇ ਉਸ ਦਾ ਛੋਟਾ ਭਰਾ ਸੋਨੂੰ ਸਿੰਘ ਕੱਲ੍ਹ ਤਰਨ ਤਾਰਨ ਤੋਂ ਕੰਮ ਕਰ ਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਲਾਲੂ ਘੁੰਮਣ ਨੂੰ ਜਾ ਰਹੇ ਸਨ। ਕਾਜੀਕੋਟ ਨੇੜੇ ਸਾਹਮਣੇ ਤੋਂ ਆਉਂਦੀ ਇੱਕ ਕਾਰ ਦੇ ਚਾਲਕ ਨੇ ਉਨ੍ਹਾਂ ਨੂੰ ਚਪੇਟ ਵਿੱਚ ਲੈ ਲਿਆ। ਮੇਜਰ ਸਿੰਘ ਅਤੇ ਸੋਨੂੰ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਮੇਜਰ ਸਿੰਘ ਰਾਹ ਵਿੱਚ ਹੀ ਦਮ ਤੋੜ ਗਿਆ। ਸੋਨੂੰ ਸਿੰਘ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣਾ ਸਿਟੀ ਦੀ ਪੁਲੀਸ ਨੇ ਏ ਐੱਸ ਆਈ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਘਟਨਾ ਸਥਾਨ ਦਾ ਨਿਰੀਖਣ ਕਰ ਕੇ ਕਾਰ ਚਾਲਕ ਕੁਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਵਿੱਚ ਕੀਤਾ ਗਿਆ।
ਮੋਟਰਸਾਈਕਲ ਅਤੇ ਕੈਂਟਰ ਦੀ ਟੱਕਰ ਵਿੱਚ ਸਬ-ਇੰਸਪੈਕਟਰ ਦੀ ਮੌਤ
ਗੜ੍ਹਸ਼ੰਕਰ (ਪੱਤਰ ਪ੍ਰੇਰਕ): ਇੱਥੇ ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪੈਂਦੇ ਪਿੰਡ ਡਾਨਸੀਵਾਲ ਨੇੜੇ ਅੱਜ ਬਾਅਦ ਦੁਪਹਿਰ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਸਬ-ਇੰਸਪੈਕਟਰ ਚਤਵਿੰਦਰ ਸਿੰਘ ਦੀ ਮੌਤ ਹੋ ਗਈ। ਚਤਵਿੰਦਰ ਸਿੰਘ ਥਾਣਾ ਮਾਹਿਲਪੁਰ ਵਿੱਚ ਬਤੌਰ ਇੰਸਪੈਕਟਰ ਤਾਇਨਾਤ ਸਨ। ਉਹ ਅੱਜ ਮੋਟਰਸਾਈਕਲ ’ਤੇ ਗੜ੍ਹਸ਼ੰਕਰ ਤੋਂ ਮਾਹਿਲਪੁਰ ਨੂੰ ਜਾ ਰਹੇ ਸਨ ਤਾਂ ਦੂਜੇ ਪਾਸਿਓਂ ਮੁੱਖ ਮਾਰਗ ’ਤੇ ਪਿੰਡ ਡਾਨਸੀਵਾਲ ਕੋਲ ਸਾਹਮਣੇ ਤੋਂ ਆ ਰਹੇ ਕੈਂਟਰ ਨੰਬਰ ਨਾਲ ਟੱਕਰ ਹੋ ਗਈ। ਖ਼ਬਰ ਲਿਖੇ ਜਾਣ ਤੱਕ ਹਾਦਸੇ ਦੇ ਅਸਲ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਸੀ। ਮਾਹਿਲਪੁਰ ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਹਲਾਕ
ਧਾਰੀਵਾਲ (ਪੱਤਰ ਪ੍ਰੇਰਕ): ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਉੱਪਰ ਨਹਿਰ ਦੇ ਪੁਲ ਕੋਲ ਅੱਜ ਸ਼ਾਮ ਨੂੰ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕਲਿਆਣਪੁਰ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਬਟਾਲਾ ਜਾ ਰਹੀ ਨਿੱਜੀ ਕੰਪਨੀ ਦੀ ਬੱਸ ਜਦੋਂ ਨਹਿਰ ਦਾ ਪੁਲ ਲੰਘੀ ਤਾਂ ਮੋਟਰਸਾਈਕਲ ਉਸ ਦੀ ਲਪੇਟ ਵਿੱਚ ਆ ਗਿਆ। ਇਸ ਕਾਰਨ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਸ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਧਾਰੀਵਾਲ ਦੀ ਪੁਲੀਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭੇਜ ਦਿੱਤਾ ਹੈ। ਪੁਲੀਸ ਮ੍ਰਿਤਕ ਦੇ ਪਿਤਾ ਗੁਰਨਾਮ ਸਿੰਘ ਦੇ ਬਿਆਨਾਂ ਅਨੁਸਾਰ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕੀਤਾ ਹੈ।

