ਜੇ.ਬੀ.ਸੇਖੋਂ
ਗੜ੍ਹਸ਼ੰਕਰ, 18 ਜਨਵਰੀ
ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੀ ਟਿਕਟ ਅਮਰਪ੍ਰੀਤ ਸਿੰਘ ਲਾਲੀ ਨੂੰ ਜਾਣ ਨਾਲ ਜਿੱਥੇ ਕਾਂਗਰਸ ਤਰਜਮਾਨ ਨਿਮਿਸ਼ਾ ਮਹਿਤਾ ਦੇ ਖੇਮੇ ਵਿੱਚ ਵੱਡੀ ਨਿਰਾਸ਼ਾ ਚੱਲ ਰਹੀ ਸੀ ਉੱਥੇ ਹੀ ਨਿਮਿਸ਼ਾ ਮਹਿਤਾ ਵੱਲੋਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾਣ ਨਾਲ ਇਸ ਹਲਕੇ ਦਾ ਸਿਆਸੀ ਪਾਰਾ ਹੋਰ ਵੱਧ ਗਿਆ ਹੈ। ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਜੋ ਕਿ ਨਿਮਿਸ਼ਾ ਮਹਿਤਾ ਦੇ ਵਿਰੋਧੀ ਧੜੇ ਦੀ ਅਗਵਾਈ ਕਰ ਰਹੇ ਹਨ ਪਹਿਲਾਂ ਹੀ ਕਾਂਗਰਸ ਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਲੋਕ ਕਾਂਗਰਸ ਵਿੱਚ ਜਾ ਚੁੱਕੇ ਹਨ। ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਵੱਲੋਂ ਬੇਸ਼ੱਕ ਅਜੇ ਤੱਕ ਇਸ ਹਲਕੇ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਪਰ ਸੂਤਰਾਂ ਅਨੁਸਾਰ ਭਾਜਪਾ ਵੱਲੋਂ ਇੱਥੋਂ ਨਿਮਿਸ਼ਾ ਮਹਿਤਾ ਨੂੰ ਹੀ ਗਠਜੋੜ ਦੇ ਉਮੀਦਵਾਰ ਐਲਾਨਿਆ ਜਾਣਾ ਹੈ। ਸਥਿਤੀ ਦਾ ਦਿਲਚਸਪ ਪਹਿਲੂ ਇਹ ਹੈ ਕਿ ਕਾਂਗਰਸ ਵਿੱਚ ਇੱਕ ਦੂਜੇ ਦੇ ਕੱਟੜ ਵਿਰੋਧੀ ਰਹਿਣ ਵਾਲੇ ਅਤੇ ਟਿਕਟ ਨਾ ਮਿਲਣ ਕਾਰਨ ਦੂਜੀਆਂ ਪਾਰਟੀਆਂ ਵਿੱਚ ਜਾਣ ਵਾਲੇ ਲਵ ਕੁਮਾਰ ਗੋਲਡੀ ਅਤੇ ਨਿਮਿਸ਼ਾ ਮਹਿਤਾ ਇਸ ਵੇਲੇ ਲੋਕ ਕਾਂਗਰਸ ਅਤੇ ਭਾਜਪਾ ਗਠਜੋੜ ਵਿੱਚ ਇਕੱਠੇ ਕਿਵੇਂ ਕੰਮ ਕਰਨਗੇ। ਇਹ ਸਵਾਲ ਗੜ੍ਹਸ਼ੰਕਰ ਦੇ ਵੋਟਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੀ ਹਾਲਾਤ ਵਿੱਚ ਅਕਾਲੀ ਬਸਪਾ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਸਮਰਥਕ ਬਾਗੋਬਾਗ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਕਿਸਾਨ ਸਮਾਜ ਮੋਰਚਾ ਵੱਲੋਂ ਅਕਾਲੀ ਆਗੂ ਜੰਗ ਬਹਾਦਰ ਸਿੰਘ ਰਾਏ ਜਾਂ ਬਸਪਾ ਦੇ ਸਾਬਕਾ ਪ੍ਰਧਾਨ ਰਛਪਾਲ ਸਿੰਘ ਰਾਜੂ ਵਿੱਚੋਂ ਇੱਕ ਨੂੰ ਟਿਕਟ ਦੇਣ ‘ਤੇ ਕਾਟੋ ਕਲੇਸ਼ ਪਿਆ ਹੋਇਆ ਹੈ।