New Sports Grounds Inaugurated in Rajwal and Sanghera: ਘੁੰਮਣ ਵੱਲੋਂ ਰਜਵਾਲ ’ਚ ਖੇਡ ਸਟੇਡੀਅਮ ਦਾ ਉਦਘਾਟਨ
ਵਿਕਾਸ ਕਾਰਜਾਂ ਲਈ ਲੋਡ਼ੀਂਦੇ ਫੰਡ ਵੀ ਦਿੱਤੇ
ਪਿੰਡ ਰਜਵਾਲ ਵਿੱਚ ਵਿਧਾਇਕ ਕਰਮਬੀਰ ਘੁੰਮਣ ਨੇ 25 ਲੱਖ ਰੁਪਏ ਨਾਲ ਬਣੇ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ। ਸਮਾਗਮ ਦੇ ਉਦਘਾਟਨ ਤੋਂ ਪਹਿਲਾਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਘੁੰਮਣ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਉਨ੍ਹਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ’ਚ ਖੇਡ ਸਟੇਡੀਅਮ ਬਣਾਉਣ ਦਾ ਫੈਸਲਾ ਕੀਤਾ ਹੈ। ਹਲਕਾ ਦਸੂਹਾ ’ਚ ਹੁਣ ਤੱਕ 22 ਖੇਡ ਸਟੇਡੀਅਮ ਬਣ ਚੁੱਕੇ ਹਨ ਤੇ ਜਲਦ ਹੀ 40 ਹੋਰ ਬਣ ਕੇ ਤਿਆਰ ਹੋ ਜਾਣਗੇ।
ਵਿਧਾਇਕ ਸ੍ਰੀ ਘੁੰਮਣ ਨੇ ਜਿੱਥੇ ਪੌਣੇ ਪੰਜ ਸਾਲਾਂ ਦੇ ਕਾਰਜਕਾਲ ’ਚ ਆਪਣੇ ਕੀਤੇ ਕੰਮ ਗਿਣਾਏ, ਉੱਥੇ ਹੀ ਵਿਰੋਧੀ ’ਤੇ ਨਿਸ਼ਾਨੇ ਸਾਧੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਜਲਦ ਹੀ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ, ਉੱਥੇ ਹੀ ਪਿੰਡਾਂ ’ਚ ਰਹਿੰਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਪੇਂਡੂ ਖੇਤਰ ਦੇ ਵਿਕਾਸ ਲਈ ਯਤਨਸ਼ੀਲ ਹੈ, ਉਨ੍ਹਾਂ ਹਾਜ਼ਰੀਨ ਨੂੰ ਐਂਤਕੀ ਵਿਧਾਨ ਸਭਾ ਦੀਆਂ ਵੋਟਾਂ ਵਿਕਾਸ ਦੇ ਨਾਮ ’ਤੇ ਪਾਉਣ ਦੀ ਗੱਲ ਆਖੀ। ਵਿਧਾਇਕ ਘੁੰਮਣ ਨੇ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਨੂੰ ਇੱਕ ਲੱਖ ਰੁਪਏ ਅਤੇ ਪਿੰਡ ਦੀ ਛਿੰਝ ਕਮੇਟੀ ਨੂੰ 50 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਕੁਲਦੀਪ ਭੰਬੋਤਾੜ, ਬਲਾਕ ਸਮਿਤੀ ਤਲਵਾੜਾ ਚੇਅਰਮੈਨ ਬੌਬੀ ਕੌਸ਼ਲ, ਬਲਾਕ ਸਮਿਤੀ ਮੈਂਬਰ ਰਾਮ ਕੁਮਾਰ, ਸੀਨੀਅਰ ‘ਆਪ’ ਆਗੂ ਸ਼ੰਭੂ ਦੱਤ, ਸਰਪੰਚ ਟੋਹਲੂ ਧਰਮਵੀਰ ਸ਼ਰਮਾ, ਸਰਪੰਚ ਮਨਿੰਦਰ ਪਾਲ, ਸਰਪੰਚ ਰਣਧੀਰ ਸਿੰਘ, ਸਰਪੰਚ ਨੂਰ ਮੁਹਮੰਦ, ਸਰਪੰਚ ਯਸ਼ਪਾਲ ਸਿੰਘ ‘ਸਿੱਖਾ’ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਸੰਘੇੜਾ ਵਿੱਚ ਖੇਡ ਮੈਦਾਨ ਦਾ ਉਦਘਾਟਨ
ਫ਼ਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫ਼ਤਿਹਗੜ੍ਹ ਚੂੜੀਆਂ ’ਚ ਆਮ ਪਾਰਟੀ ਦੇ ਹਲਕਾ ਇੰਚਾਰਜ ਅਤੇ ਚੇਅਰਮੈਨ ਜੋਬਨ ਰੰਧਾਵਾ ਨੇ ਪਿੰਡ ਸੰਘੇੜਾ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਇਸ ਮੌਕੇ ਜੋਬਨ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਤੇ ਸਿੱਖਿਆ ਨਾਲ ਜੋੜਨ ਲਈ ਲਗਾਤਾਰ ਸਾਰਥਕ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪਿੰਡਾਂ ਵਿੱਚ ਆਧੁਨਿਕ ਖੇਡ ਮੈਦਾਨ ਅਤੇ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਅਤੇ ਸੂਬੇ ਦਾ ਭਵਿੱਖ ਹੈ, ਜਿਸ ਲਈ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਅਤੇ ਸਿੱਖਿਆ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ।

