‘ਵਿਸ਼ਵ ਵਿੱਚ ਅਮਨ-ਸ਼ਾਂਤੀ ਸਿਰਫ ਗੁਰੂ ਨਾਨਕ ਦੇਵ ਦੇ ਫਸਲਫੇ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਅਮਲ ਕਰਨ ਨਾਲ ਹੀ ਸੰਭਵ ਹੈ।’ ਇਹ ਗੱਲ ਫਿਲੀਪੀਨਜ਼ ਦੇ ਦੌਰੇ ’ਤੇ ਗਏ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉੱਥੇ ਹੋਏ ਦੋ ਵੱਖ-ਵੱਖ ਧਾਰਮਿਕ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਆਖੀ। ਸੰਤ ਸੀਚੇਵਾਲ ਨੇ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਵਧ ਰਹੇ ਟਕਰਾਅ ’ਤੇ ਜਿੱਥੇ ਚਿੰਤਾ ਪ੍ਰਗਟਾਈ ਉੱਥੇ ਉਨ੍ਹਾਂ ਅਮਰੀਕਾ-ਇਜ਼ਰਾਈਲ ਵੱਲੋਂ ਕੀਤੇ ਗਏ ਸਾਂਝੇ ਹਮਲਿਆਂ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਅਇਤੁੱਲਾ ਅਲੀ ਖਮੇਨੇਈ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜੰਗਾਂ ਦੇ ਵੀ ਕੁਝ ਨਿਯਮ ਅਤੇ ਮਰਯਾਦਾਵਾਂ ਹੁੰਦੀਆਂ ਹਨ ਪਰ ਨਿਰਦੋਸ਼ਾਂ, ਸਕੂਲੀ ਵਿਦਿਆਰਥਣਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਤ ਮਨੁੱਖਤਾ ਲਈ ਦੁਖਦਾਈ ਅਤੇ ਚਿੰਤਾਜਨਕ ਹੈ। ਏਂਕਓਂਕਾਰ ਇੰਡੀਅਨ ਨਿਰਮਲ ਸਿੱਖ ਟੈਂਪਲ ਪਨਕੀ ਅਤੇ ਦਸਮੇਸ਼ ਗੁਰਸਿੱਖ ਟੈਂਪਲ ਮਾਰੀਓ ਬੁਲਾਕਾਨ ਵਿੱਚ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਦੀ ਇਕੱਲੀ ਅਜਿਹੀ ਕੌਮ ਹੈ ਜੋ ਹਰ ਰੋਜ਼ ਸਵੇਰ-ਸ਼ਾਮ ਦੀ ਅਰਦਾਸ ਵਿੱਚ ਪੂਰੀ ਮਨੁੱਖਤਾ ਲਈ “ਸਰਬੱਤ ਦਾ ਭਲਾ” ਮੰਗਦੀ ਹੈ। ਫਿਲੀਪੀਨਜ਼ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਪਰਵਾਸੀ ਪੰਜਾਬੀ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਮਿੱਟੀ ਨਾਲ ਡੂੰਘਾ ਨਾਤਾ ਬਣਾਈ ਰੱਖਦੇ ਹਨ। ਉਨ੍ਹਾਂ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਰਿਵਾਇਤਾਂ ਨਾਲ ਜੋੜ ਕੇ ਰੱਖਿਆ ਹੋਇਆ ਹੈ, ਜੋ ਕਾਬਿਲ-ਏ-ਤਾਰੀਫ ਹੈ। ਸਮਾਗਮ ਦੇ ਅੰਤ ‘ਤੇ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਸੰਤ ਸੀਚੇਵਾਲ ਦਾ ਸਨਮਾਨ ਕੀਤਾ ਗਿਆ। “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਵਿੱਚ ਪਰਵਾਸੀ ਪੰਜਾਬੀਆਂ ਨੇ ਆਪਣੇ-ਆਪਣੇ ਪਿੰਡ ਗੋਦ ਲੈਣ ਅਤੇ ਉਨ੍ਹਾਂ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਵੀ ਪ੍ਰਗਟਾਇਆ।
ਖਾੜੀ ਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਤੁਰੰਤ ਵਾਪਸੀ ਦੀ ਅਪੀਲ
ਸੰਤ ਸੀਚੇਵਾਲ ਨੇ ਕਿਹਾ ਕਿ ਖਾੜੀ ਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰੁਜ਼ਗਾਰ ਲਈ ਗਏ ਹੋਏ ਹਨ ਅਤੇ ਮੌਜੂਦਾ ਹਾਲਾਤ ਵਿੱਚ ਕਈ ਦੇਸ਼ ਸਿੱਧੇ ਤੌਰ ’ਤੇ ਸੰਘਰਸ਼ ਦੇ ਨਿਸ਼ਾਨੇ ’ਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਗਈ ਹੈ ਕਿ ਜੰਗ-ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਤੁਰੰਤ ਅਤੇ ਸੁਰੱਖਿਅਤ ਵਾਪਸ ਲਿਆਂਦਾ ਜਾਵੇ, ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦੀ ਚਿੰਤਾ ਦੂਰ ਹੋ ਸਕੇ।

