ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਸਬੰਧੀ ਅੱਜ ਗੁਰਦੁਆਰਾ ਸਿੰਘ ਸਭਾ ਸਰਾਈਂ ਮੁਹੱਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਨਗਰ ਕੱਢਿਆ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਮੁਹੱਲਾ ਸਰਾਈਂ ਵਿੱਚ ਪੁੱਜ ਕੇ ਸੰਪੂਰਨ ਹੋਇਆ। ਅਰਦਾਸ ਦੇ ਨਾਲ ਹੀ ਨਗਰ ਕੀਰਤਨ ਦੀ ਸਮਾਪਤੀ ਕੀਤੀ ਗਈ। ਨਗਰ ਕੀਰਤਨ ਦਾ ਸਵਾਗਤ ਕਰਨ ਲਈ ਵੱਖ-ਵੱਖ ਸੰਸਥਾਵਾਂ ਸਰਬੱਤ ਖਾਲਸਾ ਸੰਸਥਾ, ਰਾਮਗੜ੍ਹੀਆ ਸੇਵਾ ਸਭਾ, ਲੁਬਾਨਾ ਵੈੱਲਫੇਅਰ ਸੁਸਾਇਟੀ, ਰਾਮਗੜ੍ਹਆ ਸਭਾ, ਬਾਬਾ ਸ੍ਰੀ ਚੰਦ ਵੈੱਲਫੇਅਰ ਸੁਸਾਇਟੀ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਸਿੰਘ ਸਭਾ ਪ੍ਰੀਤ ਨਗਰ, ਮੌਰਨਿੰਗ ਵਾਕ ਕਲੱਬ, ਲਾਇਨਜ਼ ਕਲੱਬ ਆਦਿ ਵੱਲੋਂ ਖਾਣ ਪੀਣ ਵਾਲੀਆਂ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਏ ਗਏ ਸਨ। ਨਗਰ ਕੀਰਤਨ ਵਿੱਚ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ। ਫੌਜੀ ਬੈਂਡ ਵੀ ਮੁੱਖ ਖਿੱਚ ਦਾ ਕੇਂਦਰ ਸੀ। ਸਵਾਗਤ ਕਰਨ ਵਾਲਿਆਂ ਵਿੱਚ ਸਾਬਕਾ ਵਿਧਾਇਕ ਅਮਿਤ ਵਿੱਜ, ਮੇਅਰ ਪੰਨਾ ਲਾਲ ਭਾਟੀਆ, ਚੇਅਰਮੇਨ ਸਤੀਸ਼ ਮਹਿੰਦਰੂ, ਡਾ. ਤਰਸੇਮ ਸਿੰਘ ਆਦਿ ਪ੍ਰਮੁੱਖ ਸਨ।
ਇਸ ਮੌਕੇ ਤੇ ਹਰਜਿੰਦਰ ਸਿੰਘ ਖਾਲਸਾ, ਜਥੇਦਾਰ ਗੁਰਦੀਪ ਸਿੰਘ ਮੀਰਪੁਰੀ, ਭਾਈ ਗੁਰਸ਼ਰਨ ਸਿੰਘ, ਜੁਗਿੰਦਰ ਸਿੰਘ, ਐਡਵੋਕੇਟ ਕੁਲਦੀਪ ਸਿੰਘ ਗੁੰਨਾ, ਗੁਰਦੀਪ ਸਿੰਘ ਸੇਠੀ, ਨਰਾਇਣ ਸਿੰਘ, ਜੱਥੇਦਾਰ ਗੁਰਜੀਤ ਸਿੰਘ, ਸੁਰਿੰਦਰ ਸਿੰਘ ਮਿੰਟੂ, ਕਰਨ ਮਹਿਤਾਬ ਸਿੰਘ, ਪ੍ਰੀਤਮ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਦਾ ਸੱਦਾ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਦੇ ਬਾਗ਼ਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਲੋਕਾਂ ਨੂੰ ਸਮਾਨਤਾ, ਸ਼ਾਂਤੀ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ’ਤੇ ਆਧਾਰਿਤ ਸਦਭਾਵਨਾਪੂਰਨ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਉਨ੍ਹਾਂ ’ਤੇ ਅਮਲ ਕਰਨ ਦੀ ਅਪੀਲ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਪਵਿੱਤਰ ਨਗਰ ਕੀਰਤਨ ਵਿੱਚ ਇੱਕ ਸ਼ਰਧਾਲੂ ਵਜੋਂ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਨੇ ਅਜੋਕੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਸਦੀਵੀ ਪ੍ਰਸੰਗਿਕਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਵਿਸ਼ਵਵਿਆਪੀ ਭਾਈਚਾਰਾ, ਮਹਿਲਾ ਸਸ਼ਕਤੀਕਰਨ, ਦਇਆ, ਭਾਈਚਾਰਕ ਸਦਭਾਵਨਾ ਅਤੇ ਵਾਤਾਵਰਣ ਸੰਭਾਲ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਸ੍ਰੀ ਭਗਤ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਕੇ ਅਤੇ ਸਮਾਜ ਨੂੰ ਵੰਡਣ ਵਾਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਗੁਰੂ ਜੀ ਦੇ ਆਦਰਸ਼ਾਂ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ’ਤੇ ਚੱਲ ਕੇ ਅਸੀਂ ਸ਼ਾਂਤੀ, ਸਮਾਨਤਾ ਅਤੇ ਏਕਤਾ ’ਤੇ ਆਧਾਰਿਤ ਵਿਸ਼ਵ ਦਾ ਨਿਰਮਾਣ ਕਰ ਸਕਦੇ ਹਾਂ।
