ਨੌਜਵਾਨ ਦੀ ਭੇਤ-ਭਰੀ ਮੌਤ: ਪਰਿਵਾਰ ਵੱਲੋਂ ਥਾਣੇ ਅੱਗੇ ਧਰਨਾ
ਗੁਰਬਖਸ਼ਪੁਰੀ
ਤਰਨ ਤਾਰਨ, 28 ਮਈ
ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਘੜਕਾ ਦੇ ਵਾਸੀ ਸੁਖਦੇਵ ਸਿੰਘ (26) ਦੀ ਮੰਗਲਵਾਰ ਨੂੰ ਭੇਦ-ਭਰੀ ਹਾਲਤ ਵਿੱਚ ਮੌਤ ਹੋ ਜਾਣ ਸਬੰਧੀ ਪੁਲੀਸ ਵੱਲੋਂ ਮੁਲਜ਼ਮਾਂ ਵਿਰੁਧ ਕਾਰਵਾਈ ਨਾ ਕਰਨ ਖਿਲਾਫ਼ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵਲੋਂ ਅੱਜ ਥਾਣੇ ਅੱਗੇ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਦੀ ਅਗਵਾਈ ਵਿਮੁਕਤ ਜਾਤੀਆਂ ਦੇ ਆਗੂ ਧਰਮਵੀਰ ਸਿੰਘ ਮਾਹੀਆ ਨੇ ਕੀਤੀ| ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਉਸ ਦੇ ਪਤੀ ਸੁਖਦੇਵ ਸਿੰਘ ਨੂੰ ਕੱਲ੍ਹ ਘਰੋਂ ਲਿਜਾਣ ਅਤੇ ਥੋੜ੍ਹੇ ਚਿਰ ਬਾਅਦ ਉਨ੍ਹਾਂ ਵਲੋਂ ਹੀ ਉਸ ਦੇ ਪਤੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮੋਟਰਸਾਈਕਲ ’ਤੇ ਘਰ ਛੱਡ ਕੇ ਜਾਣ ਵਾਲਿਆਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਖਿਲਾਫ਼ ਕਾਰਵਾਈ ਨਹੀਂ ਕਰ ਰਹੀ| ਥਾਣਾ ਮੁਖੀ ਰਾਜ ਕੁਮਾਰ ਵਲੋਂ ਧਰਨਾਕਾਰੀਆਂ ਨੂੰ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਚੁੱਕ ਲਿਆ| ਥਾਣਾ ਮੁਖੀ ਰਾਜ ਕੁਮਾਰ ਨੇ ਕਿਹਾ ਕਿ ਇਸ ਸਬੰਧੀ ਦਫ਼ਾ 194 ਅਧੀਨ ਇਕ ਰਿਪੋਰਟ ਦਰਜ ਕੀਤੀ ਗਈ ਹੈ ਅਤੇ ਪੋਸਟ ਮਾਰਟਮ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ|
ਨੌਜਵਾਨ ਭੇਤ-ਭਰੀ ਹਾਲਤ ਵਿੱਚ ਲਾਪਤਾ
ਦਸੂਹਾ (ਪੱਤਰ ਪ੍ਰੇਰਕ): ਨੇੜਲੇ ਪਿੰਡ ਕੁੱਲੀਆ ਬਾਲਾ ਦਾ 40 ਸਾਲਾਂ ਨੌਜਵਾਨ ਪਿਛਲੇ 15 ਦਿਨਾਂ ਤੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੈ। ਕੁਸ਼ੱਲਿਆ ਪਤਨੀ ਸ਼ੋਕੀਨ ਸਿੰਘ ਵਾਸੀ ਕੁੱਲੀਆ ਬਾਲਾ (ਦਸੂਹਾ) ਨੇ ਦੱਸਿਆ ਕਿ ਉਸ ਦਾ ਪੁੱਤਰ ਜਗਤਾਰ ਸਿੰਘ ਬੀਤੀ 13 ਮਈ ਦੀ ਸਵੇਰ ਕਰੀਬ ਸਾਢੇ ਦਸ ਵਜੇ ਘਰੋਂ ਦਸੂਹਾ ਨੂੰ ਆਪਣੇ ਨਿੱਜੀ ਕੰਮ ਲਈ ਗਿਆ ਸੀ ਪਰ ਘਰ ਨਹੀਂ ਪਰਤਿਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਈ ਥਾਈਂ ਭਾਲ ਕੀਤੀ। ਉਸ ਦਾ ਮੋਬਾਈਲ ਸਵਿੱਚ ਆਫ ਆ ਰਿਹਾ ਸੀ। ਉਨਾਂ ਸਾਰੇ ਸਾਕ ਸਬੰਧੀਆਂ ਤੇ ਰਿਸ਼ਤੇਦਾਰਾਂ ਕੋਲੋਂ ਵੀ ਜਗਤਾਰ ਸਿੰਘ ਬਾਰੇ ਪਤਾ ਕੀਤਾ। ਪਰ 15 ਦਿਨਾਂ ਮਗਰੋਂ ਵੀ ਉਸ ਦਾ ਕਿਧਰੇ ਪਤਾ ਥਹੁ ਨਹੀ ਲੱਗਾ। ਉਨਾਂ ਦੱਸਿਆ ਕਿ ਇਸ ਸਬੰਧੀ ਥਾਣਾ ਦਸੂਹਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ।