ਜੇਬੀ ਸੇਖੋਂ
ਗੜ੍ਹਸ਼ੰਕਰ, 31 ਅਗਸਤ
ਸਥਾਨਕ ਤਹਿਸੀਲ ਦੇ ਪਿੰਡ ਪਿੰਡ ਸੈਲਾ ਕਲਾਂ ਵਿੱਚ ਵਾਪਰੀ ਘਟਨਾ ਵਿੱਚ ਕਲਯੁਗੀ ਨੂੰਹ ਨੇ ਆਪਣੇ ਬਜ਼ੁਰਗ ਸਹੁਰੇ ਅਤੇ ਸੱਸ ਨਾਲ ਕੁੱਟਮਾਰ ਕੀਤੀ ਜਿਸ ਦੌਰਾਨ ਸਹੁਰੇ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੋਹਣ ਸਿੰਘ ਪੁੱਤਰ ਰੱਖਾ ਸਿੰਘ (75) ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਨੂੰਹ ਸੁਖਵਿੰਦਰ ਕੌਰ ਨੇ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਣੇ ਬੱਚੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਸੁਖਵਿੰਦਰ ਕੌਰ ਦੇ ਸਹੁਰੇ ਸੋਹਣ ਸਿੰਘ ਨੇ ਸੱਸ ਮਹਿੰਦਰ ਕੌਰ ਨੇ ਆਪਣੀ ਨੂੰਹ ਨੂੰ ਬੱਚੇ ਦੀ ਕੁੱਟਮਾਰ ਕਰਨ ਤੋਂ ਰੋਕਿਆ ਤਾਂ ਉਸ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਜਿਸ ਨਾਲ ਸਹੁਰੇ ਸੋਹਣ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਹਸਪਤਾਲ ਪਹੁੰਚਾਉਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਬਾਰੇ ਗੱਲ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੇ ਉਨ੍ਹਾਂ ਦਾ ਮੁੰਡਾ ਰਵਿੰਦਰ ਸਿੰਘ ਵਿਦੇਸ਼ ਵਿੱਚ ਰਹਿੰਦਾ ਹੈ ਜਿਸ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਘਰਵਾਲੀ ਸੁਖਵਿੰਦਰ ਕੌਰ ਉਨ੍ਹਾਂ ਦੇ ਨਾਲ ਰਹਿੰਦੀ ਹੈ। ਉਨਾਂ ਦੱਸਿਆ ਕਿ ਉਨ੍ਹਾਂ ਦੀ ਨੂੰਹ ਪਿਛਲੇ ਲੰਮੇਂ ਸਮੇਂ ਤੋਂ ਆਪਣੀ ਸੱਸ ਅਤੇ ਸਹੁਰੇ ਨੂੰ ਤੰਗ ਪ੍ਰੇਸ਼ਾਨ ਕਰਦੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸੁਖਵਿੰਦਰ ਕੌਰ ਅੱਜ ਆਪਣੇ ਡੇਢ ਸਾਲਾ ਬੱਚੇ ਦੀ ਕੁੱਟਮਾਰ ਕਰ ਰਹੀ ਸੀ ਤਾਂ ਉਸ ਦੀ ਸੱਸ ਮਹਿੰਦਰ ਕੌਰ ਅਤੇ ਸਹੁਰਾ ਸੋਹਣ ਸਿੰਘ ਨੇ ਨੂੰਹ ਨੂੰ ਬੱਚੇ ਦੀ ਕੁੱਟਮਾਰ ਤੋਂ ਰੋਕਣ ਦਾ ਯਤਨ ਕੀਤਾ ਤਾਂ ਗੁੱਸੇ ਵਿੱਚ ਆ ਕੇ ਉਸ ਨੇ ਆਪਣੀ ਸੱਸ ਅਤੇ ਸਹੁਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਪਿਛੋਂ ਉਸ ਨੇ ਆਪਣੇ ਸਹੁਰੇ ਨੂੰ ਗੰਭੀਰ ਸੱਟਾਂ ਮਾਰੀਆਂ ਜਿਸ ਨੂੰ ਹਸਪਤਾਲ ਲਿਜਾਣਾ ਪਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਮਾਹਿਲਪੁਰ ਦੇ ਏਐੱਸਆਈ ਗੁਰਨੇਕ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੁੱਤਰ ਦੇ ਹਮਲੇ ਵਿੱਚ ਜ਼ਖਮੀ ਹੋਏ ਪਿਤਾ ਦੀ ਇਲਾਜ ਦੌਰਾਨ ਮੌਤ
ਜਲੰਧਰ (ਹਤਿੰਦਰ ਮਹਿਤਾ): ਨਕੋਦਰ ਦੀ ਪੁਰੇਵਾਲ ਕਲੋਨੀ ਵਿੱਚ ਪੁੱਤਰ ਵੱਲੋਂ ਕੀਤੇ ਹਮਲੇ ਵਿੱਚ ਜ਼ਖ਼ਮੀ ਹੋਏ ਬਜ਼ੁਰਗ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪੁੱਤਰ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਵਿੱਚ ਜ਼ਖ਼ਮੀ ਹੋਏ ਹਰਜੀਤ ਸਿੰਘ ਨੂੰ ਨਕੋਦਰ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਨਕੋਦਰ ਪੁਲੀਸ ਨੇ ਹਰਜੀਤ ਸਿੰਘ ਪੁੱਤਰ ਸਤਿੰਦਰ ਸਿੰਘ ਉਰਫ ਛਿੰਦਾ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਆਪਣੇ ਪਿਤਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਵੱਢਣ ਵਾਲਾ ਕਲਯੁਗੀ ਪੁੱਤਰ ਸਤਿੰਦਰ ਉਰਫ ਛਿੰਦਾ ਹਮਲੇ ਤੋਂ ਬਾਅਦ ਤੋਂ ਫਰਾਰ ਹੈ। ਪੁਲੀਸ ਨੇ ਸਤਿੰਦਰ ਦੀ ਮਾਤਾ ਸੁਖਵਿੰਦਰ ਕੌਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬਜ਼ੁਰਗ ਹਰਜੀਤ ਸਿੰਘ ਆਪਣੀ ਪਤਨੀ ਨਾਲ ਰਹਿੰਦਾ ਸੀ। ਬਜ਼ੁਰਗ ਜੋੜੇ ਦੇ ਤਿੰਨ ਬੱਚੇ ਹਨ, ਦੋ ਪੁੱਤਰ ਅਤੇ ਇੱਕ ਧੀ। ਤਿੰਨੋਂ ਵਿਦੇਸ਼ ਰਹਿੰਦੇ ਹਨ। ਇੱਕ ਪੁੱਤਰ 2-3 ਮਹੀਨੇ ਪਹਿਲਾਂ ਵਿਦੇਸ਼ ਤੋਂ ਆਇਆ ਸੀ। ਬਜ਼ੁਰਗ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਹਮਲੇ ਸਮੇਂ ਪਿਓ-ਪੁੱਤ ਘਰ ’ਚ ਇਕੱਲੇ ਸਨ। ਬਜ਼ੁਰਗ ਪਿਛਲੇ ਕੁਝ ਸਮੇਂ ਤੋਂ ਬਹੁਤ ਬਿਮਾਰ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪਿਓ-ਪੁੱਤ ਵਿਚਕਾਰ ਤਕਰਾਰ ਹੋ ਗਈ। ਇਸ ’ਚ ਬੇਟੇ ਨੇ ਆਪਣੇ ਪਿਤਾ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਬਜ਼ੁਰਗ ਹਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਨੇ ਆਪਣੇ ਪਤੀ ਨੂੰ ਇਕੱਲਾ ਨਹੀਂ ਛੱਡਿਆ। ਸਤਿੰਦਰ ’ਤੇ ਹਮਲਾ ਕਰਨ ਵਾਲੇ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਬੱਚੇ ਵੀ ਉਸ ਤੋਂ ਦੁਖੀ ਸਨ। ਪਹਿਲਾਂ ਉਸ ਦੀ ਪਤਨੀ ਉਸ ਨੂੰ ਵਿਦੇਸ਼ ਛੱਡ ਗਈ। ਫਿਰ ਉਸ ਦੀਆਂ ਹਰਕਤਾਂ ਕਾਰਨ ਬੱਚਿਆਂ ਨੇ ਵੀ ਉਸ ਨੂੰ ਛੱਡ ਦਿੱਤਾ। ਬਜ਼ੁਰਗ ਮਾਤਾ ਨੇ ਦੱਸਿਆ ਕਿ ਹੁਣ ਉਹ ਵਿਦੇਸ਼ ਤੋਂ ਆ ਕੇ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਕਰ ਰਿਹਾ ਸੀ। ਸੋਚਿਆ ਕਿ ਉਹ ਹੁਣ ਸੁਧਰ ਜਾਵੇਗਾ, ਪਰ ਉਸ ਨੇ ਹਮਲਾ ਕਰਕੇ ਆਪਣੇ ਹੀ ਪਿਤਾ ਨੂੰ ਮਾਰ ਦਿੱਤਾ।