ਕਤਲ ਮਾਮਲਾ: ਪੁਲੀਸ ’ਤੇ ਕਣਕ ਵੱਢਣੋਂ ਰੋਕਣ ਦੇ ਦੋਸ਼
ਸਾਬਕਾ ਫ਼ੌਜੀ ਦੀ ਪਤਨੀ ਨੇ ਕਣਕ ਵੱਢਣ ’ਤੇ ਆਤਮਦਾਹ ਦੀ ਚਿਤਾਵਨੀ ਦਿੱਤੀ
ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਚੀਮਾ ਖੁਰਦ ਤੋਂ ਕਿਸਾਨ ਰਣਜੀਤ ਸਿੰਘ ਨੇ ਵਲਟੋਹਾ ਪੁਲੀਸ ’ਤੇ ਕਣਕ ਵੱਢਣ ਤੋਂ ਰੋਕਣ ਦੇ ਇਲਜ਼ਾਮ ਲਾਏ ਹਨ। ਰਣਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਤੋਂ ਦੋ ਸਾਲਾਂ ਲਈ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਪ੍ਰਤਾਪ ਸਿੰਘ ਖ਼ਿਲਾਫ਼ ਕਥਿਤ ਤੌਰ ’ਤੇ ਕਤਲ ਦਾ ਕੇਸ ਦਰਜ ਹੈ, ਇਸ ਕਾਰਨ ਉਸ ਨੂੰ ਵੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਜਦੋਂ ਵੀ ਕਣਕ ਵੱਢਣ ਲਈ ਖੇਤ ਜਾਂਦਾ ਹੈ, ਪੁਲੀਸ ਤੁਰੰਤ ਪਹੁੰਚ ਕੇ ਉਸ ਨੂੰ ਰੋਕ ਦਿੰਦੀ ਹੈ। ਰਣਜੀਤ ਸਿੰਘ ਨੇ ਕਿਹਾ ਕਿ ਉਸ ਦਾ ਕਤਲ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ, ਪਰ ਫਿਰ ਵੀ ਉਸ ਨੂੰ ਪ੍ਰਸ਼ਾਸਨੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਪ੍ਰਤਾਪ ਸਿੰਘ ਦੇ ਭਤੀਜੇ ਗੁਰਲਾਲ ਸਿੰਘ ਨੇ ਵੀ ਦਾਅਵਾ ਕੀਤਾ ਕਿ ਉਹ ਕਿਸੇ ਵੀ ਕੇਸ ਵਿੱਚ ਨਾਮਜ਼ਦ ਨਹੀਂ ਹੈ, ਫਿਰ ਵੀ ਪੁਲੀਸ ਉਸ ਨੂੰ ਕਣਕ ਵੱਢਣ ਤੋਂ ਰੋਕਿਆ ਜਾ ਰਿਹਾ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇ ਫ਼ਸਲ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਪੁਲੀਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਪੀੜਤ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ, ਡੀ ਜੀ ਪੀ ਅਤੇ ਮੁੱਖ ਮੰਤਰੀ ਕੋਲੋਂ ਇਨਸਾਫ਼ ਦੀ ਅਪੀਲ ਕੀਤੀ ਹੈ। ਪ੍ਰਤਾਪ ਸਿੰਘ ਦੀ ਧੀ ਬਲਜੀਤ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਨਿਰਦੋਸ਼ ਹਨ। ਉਸ ਨੇ ਡੀ ਜੀ ਪੀ ਨੂੰ ਜਾਂਚ ਦੀ ਅਪੀਲ ਕੀਤੀ ਹੈ।
ਉੱਧਰ, ਸਾਬਕਾ ਫ਼ੌਜੀ ਦੀ ਪਤਨੀ ਰਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੇ ਕਤਲ ਲਈ ਪ੍ਰਤਾਪ ਸਿੰਘ ਜ਼ਿੰਮੇਵਾਰ ਹੈ। ਉਸ ਨੇ ਦਾਅਵਾ ਕੀਤਾ ਕਿ ਕਣਕ ਦੀ ਫ਼ਸਲ ਅਸਲ ਵਿੱਚ ਪ੍ਰਤਾਪ ਸਿੰਘ ਦੀ ਹੀ ਹੈ ਅਤੇ ਫ਼ਸਲ ਵੱਢਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਸ ਨੇ ਚਿਤਾਵਨੀ ਦਿੱਤੀ ਕਿ ਜੇ ਕੋਈ ਜ਼ਬਰਦਸਤੀ ਵਾਢੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਆਤਮਦਾਹ ਲਈ ਮਜਬੂਰ ਹੋਵੇਗੀ।
ਪੁਲੀਸ ਕਣਕ ਵੱਢਣ ਤੋਂ ਨਹੀਂ ਰੋਕ ਰਹੀ: ਐੱਸ ਐੱਸ ਪੀ
ਜ਼ਿਲ੍ਹਾ ਤਰਨ ਤਾਰਨ ਦੇ ਐੱਸ ਐੱਸ ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਕਿਸੇ ਨੂੰ ਵੀ ਕਣਕ ਵੱਢਣ ਤੋਂ ਨਹੀਂ ਰੋਕ ਰਹੀ। ਜੇ ਕੋਈ ਕਤਲ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਦੀ ਮਦਦ ਕਰੇਗਾ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਕਿਸਾਨਾਂ ਨੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਉਹ ਆਪਣੀ ਫ਼ਸਲ ਵੱਢ ਸਕਦੇ ਹਨ।

