ਨਗਰ ਨਿਗਮ ਨੇ ਗੁਰੂ ਹਰਿਗੋਬਿੰਦ ਨਗਰ ’ਚੋਂ ਰੇਹੜੀਆਂ ਚੁਕਵਾਈਆਂ
ਇੱਥੋਂ ਦੇ ਪ੍ਰਮੁੱਖ ਇਲਾਕੇ ਗੁਰੂ ਹਰਿਗੋਬਿੰਦ ਨਗਰ ਖੇਤਰ ਵਿੱਚ ਸੜਕਾਂ ’ਤੇ ਲੱਗੀਆਂ ਰੇਹੜੀਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਅੱਜ ਤੜਕਸਾਰ ਚੁਕਵਾ ਕੇ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਇਸ ਪ੍ਰਮੁੱਖ ਸੜਕ ’ਤੇ ਲੋਕਾਂ ਦਾ ਰੇਹੜੀਆਂ ਕਰਕੇ ਲੰਘਣਾ ਔਖਾ ਹੋਇਆ ਸੀ। ਇਹ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਦੇ ਕਮਿਸ਼ਨਰ ਡਾ. ਅਕਾਂਸ਼ਤਾ ਗੁਪਤਾ ਨੇ ਦੱਸਿਆ ਕਿ ਇਸ ਸੜਕ ਦੇ ਉੱਪਰ ਸ਼ਹਿਰ ਦੀ ਪ੍ਰਮੁੱਖ ਅਬਾਦੀ ਹੈ ਕਈ ਪ੍ਰਾਈਵੇਟ ਹਸਪਤਾਲ ਹਨ। ਚੰਡੀਗੜ੍ਹ ਰੋਡ ਨੂੰ ਇਹ ਸੜਕ ਲੱਗਦੀ ਹੈ, ਜਿੱਥੇ ਕਾਫੀ ਸਮੇਂ ਤੋਂ ਖਾਣ-ਪੀਣ ਦੀਆਂ ਵਸਤਾਂ ਵੇਚਣ ਵਾਲਿਆਂ ਨੇ ਰੇਹੜੀਆਂ ਤੇ ਲੋਹੇ ਦੇ ਖੋਖੇ ਰੱਖ ਲਏ ਸਨ। ਇਸ ਕਰਕੇ ਲੋਕਾਂ ਨੂੰ ਲੰਘਣਾ ਕਾਫੀ ਮੁਸ਼ਕਲ ਹੋਇਆ ਸੀ ਤੇ ਸ਼ਹਿਰ ਦੇ ਲੋਕਾਂ ਦੀਆਂ ਸ਼ਿਕਾਇਤਾਂ ਸਨ ਕਿ ਸੜਕ ਨੂੰ ਸਾਫ ਕਰਵਾਇਆ ਜਾਵੇ। ਇਸ ਸਬੰਧੀ ਅੱਜ ਤੜਕੇ 4 ਵਜੇ ਇੰਸਪੈਕਟਰ ਸੇਵਕ ਰਾਮ ਤੇ ਯੋਗਰਾਜ ਦੀ ਅਗਵਾਈ ਹੇਠ ਨਗਰ ਨਿਗਮ ਨੇ ਕਾਰਵਾਈ ਕਰਦਿਆਂ ਰੇਹੜੀਆਂ ਚੁੱਕ ਦਿੱਤੀਆਂ। ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਹੋਰ ਵੀ ਨਾਜਾਇਜ਼ ਕਬਜ਼ੇ ਹਨ, ਉਨ੍ਹਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਉਨ੍ਹਾਂ ਨੂੰ ਵੀ ਹਟਾਇਆ ਜਾਵੇਗਾ।