DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Municipal Corporation Elections: ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਬੰਦ

ਨਿਗਮ ਚੋਣਾਂ ਲੲੀ ਭਲਕੇ ਪੈਣਗੀਆਂ ਵੋਟਾਂ; 50 ਵਾਰਡਾਂ ਲਈ 219 ਉਮੀਦਵਾਰ ਮੈਦਾਨ ’ਚ; ਆਬਜ਼ਰਵਰ ਵੱਲੋਂ ਤਿਆਰੀ ਦਾ ਜਾਇਜ਼ਾ

  • fb
  • twitter
  • whatsapp
  • whatsapp
featured-img featured-img
ਭਾਜਪਾ ਦਾ ਸੰਕਲਪ ਪੱਤਰ ਜਾਰੀ ਕਰਦੇ ਹੋਏ ਸਾਬਕਾ ਮੰਤਰੀ ਸੋਮ ਪ੍ਰਕਾਸ਼ ਤੇ ਹੋਰ।
Advertisement
ਹੁਸ਼ਿਆਰਪੁਰ ਨਗਰ ਨਿਗਮ ਦੀਆਂ 5 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਲਈ ਚੱਲ ਰਿਹਾ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਗਿਆ। ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੇ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਪੂਰਾ ਜ਼ੋਰ ਲਗਾਇਆ ਗਿਆ। ਸਵੱਖਤੇ ਹੀ ਚੋਣ ਪ੍ਰਚਾਰ ਪਾਰਟੀਆਂ ਵਾਰਡਾਂ ਦਾ ਦੌਰਾ ਕਰਨ ਲਈ ਨਿਕਲ ਆਈਆਂ। ਸਾਰਾ ਦਿਨ ਗਲੀਆਂ, ਬਾਜ਼ਾਰਾਂ ’ਚ ਚੋਣ ਪ੍ਰਚਾਰਕ ਗੇੜੇ ਮਾਰਦੇ ਰਹੇ। ਇਸ ਵਾਰ ਸੋਸ਼ਲ ਮੀਡੀਆ ਗਰੁੱਪਾਂ ਰਾਹੀਂ ਵੀ ਉਮੀਦਵਾਰਾਂ ਨੇ ਵੋਟਰਾਂ ਨਾਲ ਸੰਪਰਕ ਬਣਾਈ ਰੱਖਿਆ। ਸ਼ਹਿਰ ਦੇ 50 ਵਾਰਡਾਂ ਲਈ 219 ਉਮੀਦਵਾਰ ਚੋਣ ਮੈਦਾਨ ਵਿਚ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਸਾਰੇ ਵਾਰਡਾਂ ’ਚ ਚੋਣ ਲੜ ਰਹੀਆਂ ਹਨ ਜਦੋਂਕਿ ਭਾਜਪਾ ਨੇ 47 ਅਤੇ ਸ਼੍ਰੋਮਣੀ ਅਕਾਲੀ ਦਲ ਨੇ 37 ਵਾਰਡਾਂ ’ਚ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਟਿਕਟ ਨਾ ਮਿਲਣ ਕਾਰਨ ਕਈ ਬਾਗੀ ਵੀ ਚੋਣ ਮੈਦਾਨ ਵਿਚ ਹਨ। ਭਾਜਪਾ ਨੇ ਅਨੁਸ਼ਾਸਨਹੀਣਤਾ ਦੇ ਅਧਾਰ ’ਤੇ ਸਾਬਕਾ ਕੌਂਸਲਰ ਗੁਰਪ੍ਰੀਤ ਕੌਰ ਤੇ ਕੁੱਝ ਹੋਰ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ।

ਇਸ ਦੌਰਾਨ ਨਗਰ ਨਿਗਮ ਹੁਸ਼ਿਆਰਪੁਰ ਚੋਣਾਂ ਲਈ ਨਿਯੁਕਤ ਆਬਜ਼ਰਵਰ ਅਤੇ ਐੱਮ ਡੀ ਸ਼ੂਗਰਫੈੱਡ ਸੇਨੂ ਦੁੱਗਲ ਨੇ ਅੱਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਨਾਲ ਮਿਲ ਕੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਦੇ 50 ਵਾਰਡਾਂ ਲਈ ਕੁੱਲ 1,33,569 ਵੋਟਰ 5 ਜੁਲਾਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 139 ਪੋਲਿੰਗ ਬੂਥਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ 12 ਸੰਵੇਦਨਸ਼ੀਲ ਸਥਾਨਾਂ ’ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਰਾਜ ਚੋਣ ਕਮਿਸ਼ਨ ਵੱਲੋਂ ਆਈ ਪੀ ਐੱਸ ਅਧਿਕਾਰੀ ਗੁਰਪ੍ਰੀਤ ਸਿੰਘ ਨੂੰ ਨਗਰ ਨਿਗਮ ਹੁਸ਼ਿਆਰਪੁਰ ਚੋਣਾਂ ਲਈ ਪੁਲੀਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

Advertisement

ਦੱਸਣਯੋਗ ਹੈ ਕਿ ਪਿਛਲੀਆਂ ਚੋਣਾਂ ’ਚ ਕਾਂਗਰਸ ਨੇ ਬਹੁਮਤ ਹਾਸਲ ਕੀਤੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਇਸ ਦਾ ਦਬਦਬਾ ਹੋ ਗਿਆ ਤਾਂ ਕਾਂਗਰਸ ਦੇ ਕਈ ਕੌਂਸਲਰ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਇਨ੍ਹਾਂ ਕੌਂਸਲਰਾਂ ਨੂੰ ਹੁਕਮਰਾਨ ਪਾਰਟੀ ਨਾਲ ਹੱਥ ਮਿਲਾਉਣਾ ਕਾਫ਼ੀ ਹੱਦ ਤੱਕ ਰਾਸ ਆ ਗਿਆ ਕਿਉਂਕਿ ਇਨ੍ਹਾਂ ਦੇ ਵਾਰਡਾਂ ਵਿਚ ਸੜਕਾਂ ਆਦਿ ਦੇ ਕੰਮ ਹੋ ਗਏ। ਵਿਰੋਧੀ ਪਾਰਟੀਆਂ ਦੇ ਕੌਸਲਰਾਂ ਦੇ ਪੱਲੇ ਜ਼ਿਆਦਾ ਫ਼ੰਡ ਨਹੀਂ ਪਏ। ਪਿਛਲੇ 5 ਸਾਲਾਂ ਦੌਰਾਨ ਸ਼ਹਿਰਵਾਸੀ ਦੁਨਿਆਵੀ ਸਹੂਲਤਾਂ ਦੀ ਘਾਟ ਨਾਲ ਉਵੇਂ ਹੀ ਜੂਝਦੇ ਰਹੇ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਜੂਝਦੇ ਰਹੇ। 2-3 ਮਹੀਨੇ ਪਹਿਲਾਂ ਨਿਗਮ ਵਲੋਂ ਮੁੱਖ ਸੜਕਾਂ ਬਣਵਾ ਦਿੱਤੀਆਂ ਗਈਆਂ ਪਰ ਕਈ ਮੁਹੱਲਿਆਂ ’ਚ ਸਥਿਤੀ ਅਜੇ ਵੀ ਤਰਸਯੋਗ ਹੈ। ਸੜਕਾਂ ’ਤੇ ਅਣਅਧਿਕਾਰਤ ਕਬਜਿਆਂ ਦੀ ਸਮੱਸਿਆ ਪਹਿਲਾਂ ਨਾਲੋਂ ਵੀ ਵਧ ਗਈ ਹੈ। ਚੋਣਾਂ ਸਿਰ ’ਤੇ ਹੋਣ ਕਰਕੇ ਪਿਛਲੇ ਕੁੱਝ ਅਰਸੇ ਤੋਂ ਕਬਜੇ ਹਟਾਉਣ ਦੀ ਜੋ ਰਸਮੀ ਕਾਰਵਾਈ ਕੀਤੀ ਜਾਂਦੀ ਹੈ, ਉਹ ਵੀ ਨਹੀਂ ਕੀਤੀ ਗਈ ਤਾਂ ਜੋ ਵੋਟਰ ਨਾਰਾਜ਼ ਨਾ ਹੋਣ।

Advertisement

ਨਿਗਮ ਚੋਣਾਂ ਲਈ ਭਾਜਪਾ ਦਾ ਸੰਕਲਪ ਪੱਤਰ ਜਾਰੀ

ਹੁਸ਼ਿਆਰਪੁਰ: ਭਾਜਪਾ ਵਲੋਂ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕੀਤਾ ਗਿਆ। ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ’ਚ ਇਹ ਮੈਨੀਫੈਸਟੋ ਜਾਰੀ ਕੀਤਾ ਜਿਸ ਵਿਚ ਸਵੱਛ ਤੇ ਪਾਰਦਰਸ਼ੀ ਪ੍ਰਸ਼ਾਸਨ, ਸ਼ਹਿਰ ਨੂੰ ਬੁਨਿਆਦੀ ਸਹੂਲਤਾਂ, ਬੇਹਤਰ ਸਿਹਤ ਸੇਵਾਵਾਂ ਅਤੇ ਬੇਹਤਰ ਕਾਨੂੰਨ ਵਿਵਸਥਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਗਿਆ। ਸੋਮ ਪ੍ਰਕਾਸ਼ ਨੇ ਕਿਹਾ ਕਿ ਨਿਗਮ ਵਿਚ ਲਗਭਗ 700 ਕੱਚੇ ਸਫ਼ਾਈ ਕਰਮਚਾਰੀ ਕੰਮ ਕਰ ਰਹੇ ਜਿਨ੍ਹਾਂ ਨੂੰ 2012 ਤੋਂ ਬਾਅਦ ਨਿਯਮਤ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਗੈਂਗਸਟਰਵਾਦ ਦੀ ਦਲਦਲ ’ਚ ਧੱਕ ਦਿੱਤਾ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀ ਝੂਠੇ ਪ੍ਰਚਾਰ ’ਚ ਲੱਗੇ ਹੋਏ ਹਨ ਜਦੋਂਕਿ ਆਮ ਜਨਤਾ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਹੈ।

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਨਤਕ ਇਕੱਠਾਂ ’ਤੇ ਪਾਬੰਦੀ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਨਗਰ ਨਿਗਮ ਚੋਣਾਂ ਵਾਲੇ ਖੇਤਰ ਵਿੱਚ 3 ਜੁਲਾਈ ਸ਼ਾਮ 4 ਵਜੇ ਤੋਂ ਲੈ ਕੇ 5 ਜੁਲਾਈ ਨੂੰ ਵੋਟਿੰਗ ਪ੍ਰਕਿਰਿਆ ਸਮਾਪਤ ਹੋਣ ਤੱਕ ਪੰਜ ਤੋਂ ਵੱਧ ਵਿਅਕਤੀਆਂ ਦੇ ਜਨਤਕ ਤੌਰ ’ਤੇ ਇਕੱਠੇ ਹੋਣ ਅਤੇ ਜਨਤਕ ਮੀਟਿੰਗਾਂ ਜਾਂ ਸਭਾਵਾਂ ਕਰਨ ’ਤੇ ਪਾਬੰਦੀ ਰਹੇਗੀ। ਹੁਕਮਾਂ ਮੁਤਾਬਕ ਨਗਰ ਨਿਗਮ ਚੋਣਾਂ ਵਾਲੇ ਖੇਤਰਾਂ ਵਿੱਚ 48 ਘੰਟਿਆਂ ਦੀ ਮਿਆਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਸਭਾ ਜਾਂ ਜਨਤਕ ਮੀਟਿੰਗ ਨਹੀਂ ਕੀਤੀ ਜਾ ਸਕੇਗੀ। ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਡੋਰ-ਟੂ-ਡੋਰ ਚੋਣ ਪ੍ਰਚਾਰ ਵੱਧ ਤੋਂ ਵੱਧ ਚਾਰ ਵਿਅਕਤੀਆਂ ਦੇ ਸਮੂਹ ਤੱਕ ਹੀ ਸੀਮਤ ਰਹੇਗਾ।

Advertisement
×