ਪਾਣੀ ’ਚ ਡੁੱਬਿਆ ਰਿਹਾ ਮੁਕੇਰੀਆਂ ਦਾ ਸਿਵਲ ਹਸਪਤਾਲ
ਬਿਜਲੀ ਸਪਲਾਈ ਕਰਨੀ ਪਈ ਬੰਦ; ਐੱਸ ਐਮ ਓ ਦੀ ਜਵਾਬ ਤਲਬੀ ਕੀਤੀ ਜਾਵੇਗੀ: ਸਿਵਲ ਸਰਜਨ
ਸਮਾਂ ਰਹਿੰਦਿਆਂ ਹਸਪਤਾਲ ਦੇ ਨਿਕਾਸੀ ਨਾਲੇ ਦੀ ਸਫ਼ਾਈ ਸਿਹਤ ਅਧਿਕਾਰੀਆਂ ਵਲੋਂ ਨਾ ਕਰਵਾਏ ਜਾਣ ਕਾਰਨ ਮੰਗਲਵਾਰ ਰਾਤ ਹੋਈ ਬਾਰਿਸ਼ ਕਾਰਨ ਸਿਵਲ ਹਸਪਤਾਲ ਕਰੀਬ 8-10 ਘੰਟੇ ਪਾਣੀ ਵਿੱਚ ਡੁੱਬਿਆ ਰਿਹਾ। ਹਸਪਤਾਲ ਮੁਲਾਜ਼ਮਾਂ ਨੂੰ ਹੰਗਾਮੀ ਖਤਰੇ ਕਾਰਨ ਬਿਜਲੀ ਸਪਲਾਈ ਠੱਪ ਕਰਨੀ ਪਈ, ਜਿਸ ਕਾਰਨ ਪੈਦਾ ਹੁੰਮਸ ਤੇ ਹਨੇਰੇ ਕਾਰਨ ਮਰੀਜ਼ਾਂ ਨੂੰ ਦੋਹਰੀ ਪ੍ਰੇਸ਼ਾਨੀ ਝੱਲਣੀ ਪਈ। ਹੈਰਾਨੀਜਨਕ ਹੈ ਕਿ ਜ਼ਿੰਮੇਵਾਰ ਅਧਿਕਾਰੀ ਦੇ ਹੈਡਕੁਆਰਟਰ ’ਤੇ ਤਾਇਨਾਤ ਰਹਿਣ ਦੀਆਂ ਹਦਾਇਤਾਂ ਦੇ ਬਾਅਦ ਵੀ ਕਰੀਬ 10 ਵਜੇ ਤੱਕ ਸਿਹਤ ਅਧਿਕਾਰੀ ਹਸਪਤਾਲ ਵਿੱਚੋਂ ਨਦਾਰਦ ਰਹੇ। ਇਸ ਦੌਰਾਨ ਹਸਪਤਾਲ ਅੰਦਰ ਪਾਣੀ ਭਰਨ ਕਾਰਨ ਲੰਬਾ ਸਮਾਂ ਸਿਹਤ ਸੇਵਾਵਾਂ ਪ੍ਰਭਾਵਿਤ ਰਹੀਆਂ। ਜਾਣਕਾਰੀ ਅਨੁਸਾਰ ਬੀਤੀ ਰਾਤ ਹੋਈ ਬਾਰਿਸ਼ ਕਾਰਨ ਹਸਪਤਾਲ ਦੀ ਨਿਕਾਸੀ ਬੰਦ ਹੋਣ ਕਾਰਨ ਸਾਰਾ ਪਾਣੀ ਕੰਪਲੈਕਸ ਅੰਦਰ ਭਰਦਾ ਹੋਇਆ ਮਰੀਜ਼ਾਂ ਦੇ ਕਮਰਿਆਂ ਅਤੇ ਐਮਰਜੈਂਸੀ ਵਾਰਡ ਸਮੇਤ ਦਫ਼ਤਰਾਂ ’ਚ ਵੜ ਗਿਆ। ਨਿਕਾਸੀ ਨਾ ਹੋਣ ਕਾਰਨ ਹਸਪਤਾਲ ਅੰਦਰ ਪਾਣੀ ਇੰਨਾ ਜਿਆਦਾ ਵਧ ਗਿਆ ਕਿ ਹੰਗਾਮੀ ਖ਼ਤਰੇ ਦੇ ਡਰੋਂ ਹਸਪਤਾਲ ਦੀ ਬਿਜਲੀ ਸਪਲਾਈ ਠੱਪ ਕਰਨੀ ਪਈ। ਸਿਹਤ ਅਧਿਕਾਰੀਆਂ ਵਲੋਂ ਸਮੇਂ ਸਿਰ ਨਾ ਜਾਗਣ ਕਰਕੇ ਪਾਣੀ ਲਗਾਤਾਰ ਵਧਦਾ ਗਿਆ ਅਤੇ ਸਵਰੇ ਕਰੀਬ 9 ਵਜੇ ਤੱਕ ਐਸ ਐਮ ਓ ਦੇ ਦਫ਼ਤਰ ਅਤੇ ਓ ਪੀ ਡੀ ਸਮੇਤ ਡਾਕਟਰਾਂ ਦੇ ਕਮਰੇ ਵੀ ਪਾਣੀ ਨਾਲ ਭਰ ਗਏ। ਓ ਪੀ ਡੀ ਕਮਰਿਆਂ ਵਿੱਚ ਪਾਣੀ ਕਰਨ ਕਾਰਨ ਕੰਪਿਊਟਰ ਨਾਲ ਕੀਤਾ ਜਾਣ ਵਾਲਾ ਕੰਮਕਾਜ ਠੱਪ ਹੋ ਗਿਆ। ਕਰੀਬ 10 ਵਜੇ ਨਗਰ ਕੌਂਸਲ ਟੀਮ ਵਲੋਂ ਹਸਪਤਾਲ ਅੰਦਰ ਭਰਿਆ ਪਾਣੀ ਟੈਂਕਰਾਂ ਨਾਲ ਬਾਹਰ ਕੱਢਣ ਉਪਰੰਤ ਸਿਹਤ ਸੇਵਾਵਾਂ ਕਰੀਬ 10.30 ਵਜੇ ਬਹਾਲ ਹੋ ਸਕੀਆਂ। ਹਸਪਤਾਲ ਦੇ ਮਰੀਜ਼ਾਂ ਨੇ ਦੱਸਿਆ ਕਿ ਜਦੋਂ ਹੇਠਲੀ ਮੰਜ਼ਿਲ ’ਤੇ ਪਾਣੀ ਭਰ ਗਿਆ ਤਾਂ ਕਾਹਲੀ ਵਿੱਚ ਡਾਕਟਰਾਂ ਵਲੋਂ ਮਰੀਜ਼ ਉਪਰਲੀ ਮੰਜਿਲ ਵਿੱਚ ਸ਼ਿਫਟ ਕਰਨੇ ਸ਼ੁਰੂ ਕੀਤੇ ਗਏ, ਪਰ ਉਪਰਲੀ ਮੰਜ਼ਿਲ ’ਤੇ ਮਰੀਜ਼ਾਂ ਦੀ ਭਰਮਾਰ ਹੋ ਜਾਣ ਕਾਰਨ ਕਈ ਮਰੀਜ਼ਾਂ ਨੂੰ ਹੇਠਲੀ ਮੰਜਲ ’ਤੇ ਪਾਣੀ ਵਿੱਚ ਰਹਿਣਾ ਪਿਆ। ਕਿਸਾਨ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਇਸ ਨੂੰ ਸਿਹਤ ਅਧਿਕਾਰੀਆਂ ਦੀ ਨਲਾਇਕੀ ਕਰਾਰ ਦਿੱਤਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਕੋਲੋਂ ਹਸਪਤਾਲ ਪਾਣੀ ’ਚ ਡੁੱਬਿਆ ਹੋਣ ਦੇ ਬਾਵਜੂਦ ਸਿਹਤ ਅਧਿਕਾਰੀ ਦੇ ਸਮੇਂ ਸਿਰ ਨਾ ਪੁੱਜਣ ਦੀ ਜਾਂਚ ਦੀ ਮੰਗ ਕੀਤੀ।
ਐੱਸ ਐੱਮ ਓ ਡਾ. ਰਮਨ ਕੁਮਾਰ ਨੇ ਫੋਨ ਅਟੈਂਡ ਨਹੀਂ ਕੀਤਾ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਹਸਪਤਾਲ ਅੰਦਰ ਪਾਣੀ ਭਰਨ ਉਪਰੰਤ ਸਮੇਂ ਸਿਰ ਨਿਕਾਸੀ ਨਾ ਹੋਣ ਦੇ ਮਾਮਲੇ ਵਿੱਚ ਐੱਸ ਐਮ ਓ ਦੀ ਜਵਾਬ ਤਲਬੀ ਕੀਤੀ ਜਾਵੇਗੀ।

