ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਲੋਹੀਆਂ ਖਾਸ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ। ਥਾਣਾ ਲੋਹੀਆਂ ਖਾਸ ਅੱਗਿਓਂ ਸ਼ੁਰੂ ਹੋਇਆ ਮਾਰਚ ਜੱਕੋਪੁਰ ਖੁਰਦ, ਸਾਬੂਵਾਲ, ਜਮਸ਼ੇਰ,ਨੱਲ੍ਹ, ਨਸ਼ੀਰਪੁਰ, ਮੰਡਾਲਾ ਤੇ ਛੰਨਾਂ, ਭਾਨੇਵਾਲ, ਚੱਕ ਵਢਾਲਾ, ਮਹਿਰਾਜਵਾਲਾ, ਜਾਣੀਆਂ ਚਾਹਲ, ਕੋਠਾ, ਗੱਟੀ ਰਾਏਪੁਰ ਤੇ ਪੀਰ ਬਖਸ, ਫਤਿਹਪੁਰ ਭੰਗਵਾਂ, ਸਮੈਲਪੁਰ, ਪਿੱਪਲੀ, ਮਿਆਣੀ, ਪੂੰਨੀਆਂ, ਮੰਡ ਪੂੰਨੀਆਂ, ਰੇੜ੍ਹਵਾਂ, ਨਵਾਂ ਪਿੰਡ ਅਕਾਲੀਆਂ, ਮਾਣਕਪੁਰ, ਲਸੂੜੀ, ਮੋਹਰੀਵਾਲ, ਕਾਕੜ ਕਲਾਂ, ਨਵਾਂ ਪਿੰਡ ਖਾਲੇਵਾਲ ਅਤੇ ਸਿੱਧਪੁਰ ਵਿੱਚੋਂ ਹੁੰਦਾ ਹੋਇਆ ਲੋਹੀਆਂ ਖਾਸ ਆ ਕੇ ਸਮਾਪਤ ਹੋਇਆ। ਇਸ ਦੌਰਾਨ ਪਿੰਡਾਂ ਵਿੱਚ ਇਕੱਠਾਂ ਨੂੰ ਜਸਕਰਨਜੀਤ ਸਿੰਘ ਕੰਗ, ਬਿਕਰਮ ਸਿੰਘ ਮੰਡਾਲਾ, ਤੀਰਥ ਸਿੰਘ ਕਲਸੀ, ਲਖਵੀਰ ਸਿੰਘ ਕੰਗ, ਗੁਰਚਰਨ ਸਿੰਘ ਅਟਵਾਲ, ਸੋਨੂੰ ਅਰੋੜਾ, ਅਵਤਾਰ ਆਜ਼ਾਦ, ਅਸ਼ੋਕ ਕੁਮਾਰ ਅਤੇ ਅਮਰ ਕੁਮਾਰ ਨੇ ਸੰਬੋਧਨ ਕੀਤਾ।
ਇਸ ਮੌਕੇ ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਦਾ ਨਾਮ ਬਦਲ ਕੇ ਇਸ ਨੂੰ ਖਤਮ ਕਰਨ ਦੀ ਵੱਡੀ ਚਾਲ ਚੱਲੀ ਹੈ। ਬਿਜਲੀ ਸੋਧ ਬਿੱਲ 2025 ਤੇ ਸੀਡ ਬਿੱਲ ਰਾਹੀਂ ਉਹ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ ਜਦਕਿ ਕਿਰਤ ਕਾਨੂੰਨਾਂ ਵਿੱਚ ਸੋਧ ਕਰ ਕੇ ਮਜ਼ਦੂਰਾਂ ਕੋਲੋਂ ਯੂਨੀਅਨ ਬਣਾਉਣ ਦਾ ਹੱਕ ਖੋਹਿਆ ਗਿਆ ਹੈ। ਬੁਲਾਰਿਆਂ ਨੇ ਉਕਤ ਕਾਨੂੰਨਾਂ ਨੂੰ ਰੱਦ ਕਰਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾਈ ਪ੍ਰਧਾਨ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਪੱਤਰਕਾਰਾਂ ’ਤੇ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ। ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਜਨਵਰੀ ਨੂੰ ਡੀ ਸੀ ਦਫ਼ਤਰ ਜਲੰਧਰ ਵਿੱਚ ਲਾਏ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ, ਮਜ਼ਦੂਰ ਤੇ ਮੁਲਾਜ਼ਮਾਂ ਵੱਲੋਂ ਬਿਜਲੀ ਸੋਧ ਬਿੱਲ, ਬੀਜ ਬਿੱਲ, ਲੇਬਰ ਕੋਡ ਬਿੱਲ, ਮਗਨਰੇਗਾ ਨੂੰ ਖਤਮ ਕਰਨ ਅਤੇ ਨਿੱਜੀਕਰਨ ਦੇ ਵਿਰੋਧ ਵਿੱਚ ਇਲਾਕੇ ਦੇ ਪਿੰਡ ਵਲੀਪੁਰ ਤੋਂ ਮੁਗਲਚੱਕ, ਸਖੀਰਾ, ਜੰਡੋਕੇ ਅਤੇ ਸਰਹਾਲੀ ਖੁਰਦ ਆਦਿ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗਲਚੱਕ, ਮੇਹਰ ਸਿੰਘ ਸਖੀਰਾ ਬੀਕੇਯੂ (ਏਕਤਾ ਉਗਰਾਹਾਂ), ਦਇਆ ਸਿੰਘ ਅਲਾਦੀਨਪੁਰ ਅਤੇ ਕੇਹਰ ਸਿੰਘ ਨੇ ਮਾਰਚ ਦੀ ਅਗਵਾਈ ਕੀਤੀ| ਇਸ ਮੌਕੇ ਆਗੂਆਂ ਨੇ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਕਿਸਾਨ-ਮਜ਼ਦੂਰ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਪਰਚੇ ਵੰਡੇ| ਇਸ ਮੌਕੇ ਜਥੇਬੰਦੀ ਦੇ ਆਗੂ ਸੁਖਦੇਵ ਸਿੰਘ, ਸੁਖਚੈਨ ਸਿੰਘ ਸਰਹਾਲੀ, ਹਰਵਿੰਦਰ ਸਿੰਘ ਵਲੀਪੁਰ, ਗੁਰਪ੍ਰਤਾਪ ਸਿੰਘ ਗੰਜਾ, ਸਰਦਾਰਾ ਸਿੰਘ ਸਖੀਰਾ ਅਤੇ ਕਸ਼ਮੀਰ ਸਿੰਘ ਨੇ ਵੀ ਸੰਬੋਧਨ ਕੀਤਾ|

