Mega Rally in Moga: ਫਾਸ਼ੀਵਾਦ ਖ਼ਿਲਾਫ਼ ਰੈਲੀ ਲਈ ਲਾਮਬੰਦੀ
‘ਦਿਮਾਗੀ ਨਕਸਲੀ’ ਦੇ ਖ਼ਾਤਮੇ ਲਈ ਸਿਵਲ ਡਿਫੈਂਸ ਵਾਲੰਟੀਅਰ ਕੋਰ ਬਣਾਉਣ ਦੀ ਨਿਖੇਧੀ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ- ਲੈਨਿਨਵਾਦੀ) ਨਿਊ ਡੈਮੋਕਰੇਸੀ ਵੱਲੋਂ ਫਾਸ਼ੀਵਾਦੀ ਹਮਲਿਆਂ ਵਿਰੁੱਧ ਦਾਣਾ ਮੰਡੀ ਮੋਗਾ ਵਿੱਚ ਵਿਸ਼ਾਲ ਰੈਲੀ ਦੀਆਂ ਤਿਆਰੀ ਲਈ ਮਜ਼ਦੂਰਾਂ, ਕਿਸਾਨਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਲਾਮਬੰਦ ਕਰਨ ਲਈ ਪਿੰਡਾਂ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਦੌਰਾਨ ਪਿੰਡ ਕੁੱਦੋਵਾਲ, ਦਿਆਲਪੁਰ, ਪਾੜਾਪਿੰਡ, ਧੀਰਪੁਰ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਅਤੇ ਇਸ਼ਤਿਹਾਰ ਜਾਰੀ ਕੀਤੇ ਗਏ। ਇਸ ਮੌਕੇ ਕਾਮਰੇਡ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਨਿਊ ਡੈਮੋਕਰੇਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਦਿਮਾਗੀ ਨਕਸਲੀ’ ਦਾ ਖਾਤਮਾ ਕਰਨ ਅਤੇ ਸਿਵਲ ਡਿਫੈਂਸ ਵਾਲੰਟੀਅਰ ਕੋਰ ਬਣਾਉਣ ਦੇ ਐਲਾਨ ਦੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਦੇਸ਼ ਦੇ ਅੰਨਦਾਤਾ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਬੁੱਧੀਜੀਵੀਆਂ, ਪੱਤਰਕਾਰਾਂ ਦੀ ਆਵਾਜ਼ ਦਬਾਉਣ ਦਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਗਾ ਰੈਲੀ ਦੌਰਾਨ ਫਾਸ਼ੀਵਾਦੀ ਹਮਲੇ ਬੰਦ ਕਰਨ ਸਮੇਤ ਚੰਡੀਗੜ੍ਹ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਹਵਾਲੇ ਕਰਨ, ਸਿੱਖਾਂ ਸਮੇਤ ਸਾਰੇ ਸਿਆਸੀ ਕੈਦੀ, ਬੁੱਧੀਜੀਵੀ ਰਿਹਾਅ ਕਰਨ, ਘੱਟ-ਗਿਣਤੀਆਂ, ਦਲਿਤਾਂ ’ਤੇ ਹਮਲੇ ਬੰਦ ਕਰਨ, ਜੀ ਰਾਮ ਜੀ ਕਾਨੂੰਨ ਰੱਦ ਕਰ ਕੇ ਮਗਨਰੇਗਾ ਬਹਾਲ ਕਰਨ, ਚਾਰ ਕਿਰਤ ਕੋਡ ਰੱਦ ਕਰ ਕੇ ਪਹਿਲੇ ਕਿਰਤ ਕਾਨੂੰਨ ਬਹਾਲ ਕਰਨ ਦੇ ਨਾਲ-ਨਾਲ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਨਿੱਜੀਕਰਨ ਤੇ ਨਵੀਂ ਸਿੱਖਿਆ ਨੀਤੀ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਮੀਟਿੰਗਾਂ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ ਅਤੇ ਬਲਬੀਰ ਸਿੰਘ ਧੀਰਪੁਰ ਹਾਜ਼ਰ ਸਨ।

