MLA Jangi Lal Mahajan Raids Sealed Crusher: ਵਿਧਾਇਕ ਨੇ ਰਾਤ ਨੂੰ ਚੱਲਦੇ ਕਰੱਸ਼ਰ ’ਤੇ ਛਾਪਾ ਮਾਰਿਆ
ਸੀਲ ਕੀਤਾ ਕਰੱਸ਼ਰ ਚੱਲਦਾ ਮਿਲਿਆ; ਵਿਧਾਇਕ ਨੇ ਗ਼ੈਰ-ਕਾਨੂੁੰਨੀ ਖਣਨ ਬੰਦ ਹੋਣ ਦੇ ਦਾਅਵੇ ’ਤੇ ਸਵਾਲ ਚੁੱਕੇ
ਵਿਧਾਇਕ ਜੰਗੀ ਲਾਲ ਮਹਾਜਨ ਨੇ ਗ਼ੈਰ -ਕਾਨੂੰਨੀ ਤਰੀਕੇ ਨਾਲ ਰਾਤ ਵੇਲੇ ਚੱਲ ਰਹੇ ਮਹਾਂਦੇਵ ਕਰੱਸ਼ਰ ਉੱਤੇ ਬੀਤੀ ਰਾਤ ਛਾਪਾ ਮਾਰਿਆ। ਇਹ ਕਰੱਸ਼ਰ ਕਸਬਾ ਹਾਜੀਪੁਰ ਦੇ ਮਾਈਨਿੰਗ ਵਿਭਾਗ ਵੱਲੋਂ ਸੀਲ ਕੀਤਾ ਹੋਇਆ ਸੀ ਪਰ ਬਾਵਜੂਦ ਇਸ ਦੇ ਇਹ ਚੱਲ ਰਿਹਾ ਸੀ। ਵਿਧਾਇਕ ਵੱਲੋਂ ਵਾਇਰਲ ਕੀਤੀ ਵੀਡੀਓ ਅਨੁਸਾਰ ਸੀਲ ਕੀਤੇ ਮਹਾਂਦੇਵ ਸਟੋਨ ਕਰੱਸ਼ਰ ਦੀ ਲਗਪਗ ਸਾਰੀ ਹੀ ਮਸ਼ੀਨਰੀ ਚਾਲੂ ਸੀ ਅਤੇ ਰੇਤਾ-ਬੱਜਰੀ ਦੀਆਂ ਗੱਡੀਆਂ ਦੀ ਭਰਾਈ ਕੀਤੀ ਜਾ ਰਹੀ ਸੀ। ਵਿਧਾਇਕ ਨੇ ਪ੍ਰਸ਼ਾਸਨ ਦੇ ਗ਼ੈਰ-ਕਾਨੂੰਨੀ ਮਾਈਨਿੰਗ ਮੁਕੰਮਲ ਬੰਦ ਹੋਣ ਦੇ ਦਾਅਵਿਆਂ ’ਤੇ ਸਵਾਲ ਚੁੱਕੇ ਹਨ। ਦੱਸਣਯੋਗ ਹੈ ਕਿ ਸ਼ਾਹ ਨਹਿਰ ਦੀ ਖਾਲੀ ਪਈ ਦਰਜਨਾਂ ਏਕੜ ਜ਼ਮੀਨ ਮਾਈਨਿੰਗ ਮਾਫੀਆ ਲਈ ਵਰਦਾਨ ਬਣੀ ਹੋਈ ਹੈ। ਵਿਧਾਇਕ ਨੇ ਦੱਸਿਆ ਕਿ ਹਾਜੀਪੁਰ ਦੇ ਮਹਾਂਦੇਵ ਸਟੋਨ ਕਰੱਸ਼ਰ ਵੱਲੋਂ ਸ਼ਾਹ ਨਹਿਰ ਦੀ ਜ਼ਮੀਨ ਉੱਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਅਤੇ ਇਸ ਮਾਮਲੇ ਵਿੱਚ ਉਸ ਨੂੰ ਮਾਈਨਿੰਗ ਵਿਭਾਗ ਵੱਲੋਂ ਕਰੀਬ 3/4 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ। ਜੁਰਮਾਨਾ ਨਾ ਭਰਨ ਕਾਰਨ ਇਹ ਕਰੱਸ਼ਰ ਕਰੀਬ 4 ਮਹੀਨੇ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ। ਇਹ ਕੁਝ ਸਮਾਂ ਬੰਦ ਵੀ ਰਿਹਾ। ਲੋਕਾਂ ਅਨੁਸਾਰ ਮੁਕੇਰੀਆਂ ’ਚ ਨਵੇਂ ਸਿਆਸੀ ਆਗੂ ਦੀ ਨਿਯੁਕਤੀ ਉਪਰੰਤ ਇਹ ਸੀਲ ਕੀਤਾ ਕਰੱਸ਼ਰ ਲਗਾਤਾਰ ਰਾਤ ਵੇਲੇ ਚੱਲਣਾ ਸ਼ੁਰੂ ਹੋ ਗਿਆ। ਰਾਤ ਵੇਲੇ ਇੱਥੋਂ ਵੱਡੀ ਪੱਧਰ ’ਤੇ ਗੱਡੀਆਂ ਵਿੱਚ ਰੇਤਾ ਬੱਜਰੀ ਦੀ ਭਰਾਈ ਹੁੰਦੀ ਹੈ। ਮੌਕੇ ’ਤੇ 10 ਗੱਡੀਆਂ ਭਰ ਕੇ ਜਾ ਰਹੀਆਂ ਸਨ ਅਤੇ 7-8 ਗੱਡੀਆਂ ਭਰਾਈ ਲਈ ਖੜ੍ਹੀਆਂ ਸਨ। ਉਨ੍ਹਾਂ ਮਾਈਨਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮਾਈਨਿੰਗ ਵਿਭਾਗ ਵੱਲੋਂ ਬਰਸਾਤੀ ਮੌਸਮ ਵਿੱਚ ਜਾਇਜ਼/ਨਾਜਾਇਜ਼ ਮਾਈਨਿੰਗ ਉੱਤੇ ਮੁਕੰਮਲ ਰੋਕ ਲਗਾਈ ਹੁੰਦੀ ਹੈ ਅਤੇ ਕਰੱਸ਼ਰਾਂ ’ਤੇ ਪਏ ਕੱਚੇ ਮਾਲ ਅਤੇ ਤਿਆਰ ਮਾਲ ਦੀ ਬਕਾਇਦਾ ਜਾਣਕਾਰੀ ਰੱਖੀ ਜਾਂਦੀ ਹੈ ਪਰ ਇਹ ਕਰੱਸ਼ਰ ਸ਼ਾਹ ਨਹਿਰ ਦੀ ਜ਼ਮੀਨ ਤੋਂ ਨਾਜਾਇਜ਼ ਮਾਈਨਿੰਗ ਕਰਕੇ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕਰੱਸ਼ਰ ਰਾਤ ਨੂੰ ਨਾਜਾਇਜ਼ ਤਰੀਕੇ ਨਾਲ ਕੁਝ ਸਿਆਸੀ ਆਗੂਆਂ ਵਲੋਂ ਚਲਾ ਕੇ ਮੋਟੀ ਕਮਾਈ ਕੀਤੀ ਜਾ ਰਹੀ ਹੈ।
ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ: ਐੱਸ ਡੀ ਓ
ਮਾਈਨਿੰਗ ਵਿਭਾਗ ਦੇ ਐੱਸ ਡੀ ਓ ਹਰਜਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਕਰੱਸ਼ਰ ਦਾ ਲਾਇਸੈਂਸ ਮੁਅੱਤਲ ਕੀਤਾ ਗਿਆ ਸੀ ਪਰ ਬੀਤੀ ਰਾਤ ਇਸਦੇ ਮੁੱੜ ਚੱਲਦਾ ਹੋਣ ਬਾਰੇ ਪਤਾ ਲੱਗਿਆ ਹੈ। ਇਸ ਦੀ ਮਾਲਕੀ ਬਾਰੇ ਮਾਈਨਿੰਗ ਵਿਭਾਗ ਨੂੰ ਸਪੱਸ਼ਟ ਨਾ ਹੋਣ ਕਾਰਨ ਇਸ ਦੀ ਫਰਮ ਭਾਵ ਮਹਾਂਦੇਵ ਸਟੋਨ ਕਰੱਸ਼ਰ ਦੇ ਨਾਮ ’ਤੇ ਪੁਲੀਸ ਨੂੰ ਕੇਸ ਦਰਜ ਕਰਨ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੀ ਮਾਲਕੀ ਜਾਂ ਚੋਰੀ ਚਲਾਉਣ ਵਾਲੇ ਬਾਰੇ ਪੁਲੀਸ ਜਾਂਚ ਵਿੱਚ ਹੀ ਸਪੱਸ਼ਟ ਹੋ ਸਕੇਗਾ।

