Miri Piri Divas, Khalsa March: ਮੀਰੀ ਪੀਰੀ ਖਾਲਸਾ ਮਾਰਚ ਆਦਮਪੁਰ ਪੁੱਜਿਆ
ਸੰਗਤ ਵੱਲੋਂ ਭਰਵਾਂ ਸਵਾਗਤ; ਲੰਗਰ ਅਤੇ ਛਬੀਲਾਂ ਦੇ ਵਿਸ਼ੇਸ਼ ਪ੍ਰਬੰਧ
ਗੁਰੂ ਹਰਿਗੋਬਿੰਦ ਸਾਹਿਬ ਦੇ ‘ਮੀਰੀ ਪੀਰੀ ਦਿਵਸ’ ਨੂੰ ਸਮਰਪਿਤ ‘ਮੀਰੀ ਪੀਰੀ ਖਾਲਸਾ ਮਾਰਚ’ ਅੱਜ ਕਸਬਾ ਅਲਾਵਲਪੁਰ ਤੋ ਆਦਮਪੁਰ ਵਿੱਚ ਦਾਖ਼ਲ ਹੋਇਆ। ਮਾਰਚ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਮਾਰਚ ਜਿਵੇਂ ਹੀ ਅਲਾਵਲਪੁਰ ਤੋਂ ਹੁੰਦਾ ਹੋਇਆ ਅਤੇ ਆਦਮਪੁਰ ਵੱਲ ਵਧਿਆ, ਰਸਤੇ ਵਿੱਚ ਥਾਂ-ਥਾਂ ’ਤੇ ਸੰਗਤ ਨੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਖਾਲਸਾ ਮਾਰਚ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਿਰਕਤ ਕੀਤੀ। ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਧਾਮੀ ਨੇ ਗੁਰੂ ਸਾਹਿਬ ਵੱਲੋਂ ਬਖਸ਼ੇ ਮੀਰੀ-ਪੀਰੀ ਦੇ ਸਿਧਾਂਤ ’ਤੇ ਚਾਨਣਾ ਪਾਇਆ ਅਤੇ ਸੰਗਤ, ਵਿਸ਼ੇਸ਼ ਕਰ ਕੇ ਨੌਜਵਾਨ ਪੀੜ੍ਹੀ ਨੂੰ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਆਪਣੇ ਅਮੀਰ ਸਿੱਖ ਵਿਰਸੇ, ਰਹਿਤ-ਮਰਿਆਦਾ ਅਤੇ ਉੱਚੇ-ਸੁੱਚੇ ਇਖਲਾਕ ਨਾਲ ਜੁੜਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸਥਾਨਕ ਸੰਗਤ ਵੱਲੋਂ ਮਾਰਚ ਵਿੱਚ ਸ਼ਾਮਲ ਸ਼ਰਧਾਲੂਆਂ ਲਈ ਲੰਗਰ ਅਤੇ ਛਬੀਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਇਸ ਖਾਲਸਾ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤ, ਨੌਜਵਾਨਾਂ ਅਤੇ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਰਣਜੀਤ ਸਿੰਘ ਕਾਹਲੋਂ, ਕੁਲਵੰਤ ਸਿੰਘ ਮੰਨਣ, ਦਵਿੰਦਰ ਕੌਰ ਕਾਲੜਾ ਤਿੰਨੋਂ ਐੱਸ ਜੀ ਪੀ ਸੀ ਮੈਂਬਰ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਹਰਮੇਲ ਸਿੰਘ ਮੱਲੀ ਨੰਗਲ, ਗੁਰਦਿਆਲ ਸਿੰਘ ਨਿੱਝਰ, ਭੁਪਿੰਦਰ ਸਿੰਘ ਦੌਲਤਪੁਰ, ਜਥੇਦਾਰ ਗੁਰਦਿਆਲ ਸਿੰਘ ਕਾਲੜਾ, ਧਰਮਪਾਲ ਲੇਸੜੀਵਾਲ, ਕੁਲਵਿੰਦਰ ਸਿੰਘ ਟੋਨੀ, ਬਲਵਿੰਦਰ ਸਿੰਘ ਕਾਲੜਾ ਹਾਜ਼ਰ ਹੋਏ।

