ਜ਼ਹਿਰੀਲੀ ਚੀਜ਼ ਖਾ ਕੇ ਨਾਬਾਲਗ ਲੜਕੀ ਨੇ ਖ਼ੁਦਕੁਸ਼ੀ ਕੀਤੀ
ਬਾਰ੍ਹਵੀਂ ਜਮਾਤ ਦੀ 17 ਸਾਲਾ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮੌਤ ਤੋਂ ਪਹਿਲਾਂ ਉਸ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਵੀਡੀਓ ਵੀ ਬਣਾਈ ਹੈ ਜਿਸ ਵਿੱਚ ਸਕੂਲ ਪ੍ਰਬੰਧਕਾਂ ’ਤੇ ਫੀਸ ਦਾ ਬਕਾਇਆ ਦੇਣ ਵਾਸਤੇ ਪ੍ਰੇਸ਼ਾਨ ਕਰਨ...
ਬਾਰ੍ਹਵੀਂ ਜਮਾਤ ਦੀ 17 ਸਾਲਾ ਕੁੜੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮੌਤ ਤੋਂ ਪਹਿਲਾਂ ਉਸ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਵੀਡੀਓ ਵੀ ਬਣਾਈ ਹੈ ਜਿਸ ਵਿੱਚ ਸਕੂਲ ਪ੍ਰਬੰਧਕਾਂ ’ਤੇ ਫੀਸ ਦਾ ਬਕਾਇਆ ਦੇਣ ਵਾਸਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦੀ ਪਛਾਣ ਅਮਜੋਤ ਕੌਰ ਔਲਖ ਵਜੋਂ ਹੋਈ ਹੈ, ਜੋ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨੂੰ ਸਕੂਲ ਸਟਾਫ, ਜਿਸ ਵਿੱਚ ਪ੍ਰਿੰਸੀਪਲ ਵੀ ਸ਼ਾਮਲ ਹੈ, ਵੱਲੋਂ 20,000 ਰੁਪਏ ਦੀ ਸਕੂਲ ਫੀਸ ਦੇ ਬਕਾਏ ਦਾ ਭੁਗਤਾਨ ਕਰਨ ਲਈ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਾਰਨ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ ਅਤੇ ਅਪਮਾਨਿਤ ਮਹਿਸੂਸ ਕਰਦੀ ਸੀ। ਅਮਜੋਤ ਦੀ ਮਾਸੀ ਸਰਬਜੀਤ ਕੌਰ ਨੇ ਕਿਹਾ ਕਿ ਉਸ ਨੇ 22 ਮਈ ਦੀ ਸ਼ਾਮ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਪਰਿਵਾਰ ਵੱਲੋਂ ਉਸ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਸ਼ਨੀਵਾਰ ਸ਼ਾਮ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅੱਜ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਸੀ ਅਤੇ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਸਕੂਲ ਸਟਾਫ ਵੱਲੋਂ ਫੀਸ ਦਾ ਭੁਗਤਾਨ ਨਾ ਕਰਕੇ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਇੱਥੇ ਆਪਣੀ ਮਾਸੀ ਕੋਲ ਹੀ ਰਹਿ ਰਹੀ ਸੀ। ਅਮਜੋਤ ਦੇ ਪਿਤਾ ਰਵਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ, ਵਿਜੇ ਨਗਰ ਪੁਲੀਸ ਚੌਕੀ ਦੇ ਇੰਚਾਰਜ ਏ ਐੱਸ ਆਈ ਹਰਜਿੰਦਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਸਕੂਲ ਸਟਾਫ ਵਿਰੁੱਧ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।

