ਸੁਰਜੀਤ ਮਜਾਰੀ
ਬੰਗਾ, 16 ਅਗਸਤ
ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਸਬੰਧੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਜ਼ਾਦੀ ਦਿਹਾੜੇ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਉਨ੍ਹਾਂ ਦੀ ਯਾਦਗਾਰ ’ਤੇ ਸਿਜਦਾ ਕੀਤਾ।
ਇਸ ਮੌਕੇ ਮੰਤਰੀ ਨੇ ਕਿਹਾ ਕਿ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਯਾਦਗਾਰਾਂ ਨੂੰ ਵਿਰਾਸਤੀ ਸੈਰ-ਸਪਾਟੇ ਦੇ ਮੰਤਵ ਨਾਲ ਹੋਰ ਖੂਬਰਸੂਰਤ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਸ਼ਹੀਦਾਂ ਦੇ ਸੁਫ਼ਨਿਆਂ ਦਾ ਪੰਜਾਬ ਸਿਰਜਣ ਲਈ ਵਚਨਬੱਧ ਹੈ। ਅਨਮੋਲ ਗਗਨ ਮਾਨ ਨੇ ਆਖਿਆ ਕਿ ਉਨ੍ਹਾਂ ਲਈ ਇਸ ਤੋਂ ਵੱਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਉਨ੍ਹਾਂ ਆਜ਼ਾਦੀ ਦੇ ਪਵਿੱਤਰ ਦਿਨ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੀ ਧਰਤੀ ਦੀ ਮਿੱਟੀ ਛੋਹ ਕੇ ਕੀਤੀ। ਬਾਅਦ ਵਿੱਚ ਸ਼ਹੀਦ ਭਗਤ ਸਿੰਘ ਜੱਦੀ ਘਰ ਦਾ ਦੌਰਾ ਕਰਨ ਮੌਕੇ ਉਨ੍ਹਾਂ ਸ਼ਹੀਦ-ਏ-ਆਜ਼ਮ ਦੇ ਪਰਿਵਾਰ ਨਾਲ ਜੁੜੀਆਂ ਸਾਰੀਆਂ ਪੁਰਾਤਨ ਵਸਤਾਂ ਨੂੰ ਗਹੁ ਨਾਲ ਦੇਖਿਆ।
ਉਨ੍ਹਾਂ ਨੇ ਉੱਥੇ ਮੌਜੂਦ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਆਖਿਆ ਕਿ ਉਹ ਸ਼ਹੀਦ-ਏ-ਆਜ਼ਮ ਦੇੇ ਜੱਦੀ ਪਿੰਡ ਨੂੰ ਹੋਰ ਖੂਬਸੂਰਤ ਤੇ ਵਿਰਾਸਤੀ ਸੈਰ-ਸਪਾਟੇ ਦਾ ਸਥਾਨ ਬਣਾਉਣ ਲਈ ਕੀਤੇ ਜਾ ਸਕਦੇ ਕੰਮਾਂ ਦੀ ਤਫ਼ਸੀਲ ਬਣਾ ਕੇ ਭੇਜਣ। ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ, ਪ੍ਰਸ਼ਾਸਨਿਕ ਅਧਿਕਾਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਸਨ।