ਜੰਗ ਬਹਾਦਰ ਸਿੰਘ
ਗੜ੍ਹਸ਼ੰਕਰ, 21 ਸਤੰਬਰ
ਇਕ ਪਾਸੇ ਪੰਜਾਬ ਸਰਕਾਰ ਵੱਲੋਂ ਗੈਰਕਾਨੂੰਨੀ ਮਾਈਨਿੰਗ ’ਤੇ ਸ਼ਿਕੰਜਾ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਗੜ੍ਹਸ਼ੰਕਰ ਇਲਾਕੇ ਦੇ ਨੀਮ ਪਹਾੜੀ ਪਿੰਡਾਂ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਗੜ੍ਹਸ਼ੰਕਰ ਦੇ ਪਿੰਡ ਸ਼ਾਹਪੁਰ ਸਦਰਪੁਰ ਵਿੱਚ ਚਲ ਰਹੇ ਖਣਨ ਸਬੰਧੀ ਅੱਜ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਖਣਨ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਵਿਭਾਗ ਦੀ ਟੀਮ ਨੇ ਪੱਤਰਕਾਰਾਂ ਨੂੰ ਨਾਲ ਲੈ ਕੇ ਤੁਰੰਤ ਉਕਤ ਥਾਂ ਦਾ ਦੌਰਾ ਕੀਤਾ ਪਰ ਇਸਦੀ ਭਿਣਕ ਪਹਿਲਾਂ ਹੀ ਖਣਨ ਕਰ ਰਹੇ ਕਰਿੰਦਿਆ ਨੂੰ ਲੱਗ ਗਈ। ਇਸ ਉਪਰੰਤ ਉਕਤ ਪਿੰਡ ਵਿੱਚੋਂ ਖਣਨ ਮਾਫੀਆ ਦੇ ਕਰਿੰਦੇ ਬਾਅਦ ਦੁਪਿਹਰ ਖਣਨ ਕਰ ਰਹੀਆਂ ਜੇਸੀਬੀ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਨੂੰ ਭਜਾ ਕੇ ਲੈ ਗਏ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਐੱਸਡੀਓ ਪਵਨ ਕੁਮਾਰ ਨੇ ਕਿਹਾ ਕਿ ਖਣਨ ਮਾਫੀਆ ਨੇ ਸਦਰਪੁਰ ਪਿੰਡ ਵਿੱਚ ਬਿਨਾਂ ਵਿਭਾਗੀ ਮਨਜ਼ੂਰੀ ਤੋਂ ਮਿੱਟੀ ਰੇਤ ਦੀ ਨਾਜਾਇਜ਼ ਖੁਦਾਈ ਕੀਤੀ ਹੈ ਅਤੇ ਇਸ ਸਬੰਧ ਵਿੱਚ ਮਾਈਨਿੰਗ ਵਿਭਾਗ ਦੇ ਜੇਈ ਅਨਮੋਲ ਪ੍ਰੀਤ ਨੂੰ ਉਕਤ ਥਾਂ ’ਤੇ ਕਾਰਵਾਈ ਸਬੰਧੀ ਭੇਜਿਆ ਗਿਆ ਸੀ। ਇਸ ਮੌਕੇ ਜੇਈ ਅਨਮੋਲਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਐਕਟ ਤਹਿਤ ਉਕਤ ਜ਼ਮੀਨ ਦੇ ਮਾਲਿਕ ਅਤੇ ਮਾਈਨਿੰਗ ਕਰਿੰਦਿਆਂ ਦੇ ਵਿਰੁੱਧ ਪਹਿਲਾਂ ਵੀ ਪਰਚਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਥਾਂ ’ਤੇ ਹੋਈ ਤਾਜ਼ਾ ਮਾਈਨਿੰਗ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।