ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਅਕਤੂਬਰ
ਸਰਵ ਸਿਖਿਆ ਅਭਿਆਨ ਮਿੱਡ-ਡੇਅ ਮੀਲ ਦਫਤਰੀ ਕਰਮਚਾਰੀ ਯੂਨੀਅਨ ਜਲੰਧਰ ਦੇ ਵਫਦ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੀਟਿੰਗ ਕੀਤੀ ਅਤੇ ਕਰਮਚਾਰੀਆਂ ਨੂੰ ਪੱਕਿਆਂ ਕਰਨ ਦੀ ਮੰਗ ਕੀਤੀ। ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਸ਼ੀਸ਼ ਜੁਲਾਹਾ ਨੇ ਜੱਥੇਬੰਦੀ ਵੱਲੋਂ ਚੇਤਾਵਨੀ ਦਿੰਦਿਆ ਕਿਹਾ ਕਿ ਜੇ ਦੀਵਾਲੀ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਹਰ ਪਲੈਟਫਾਰਮ ਤੋਂ ਕਾਂਗਰਸ ਦਾ ਵਿਰੋਧ ਕਰਨਗੇ।
ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵਫਦ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ। ਤਿੰਨ ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1200 ਮੁਲਾਜ਼ਮਾਂ ਨੂੰ ਪੱਕਿਆ ਕਰਨਾ, ਤਨਖਾਹ ਵਿੱਚ ਕੀਤੀ ਜਾ ਰਹੀ ਕਟੌਤੀ ਨੂੰ ਵਾਪਸ ਲੈਣ ਤੇ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨੀਆਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ 8800 ਟੀਚਰਾਂ ਨੂੰ ਪੱਕਿਆ ਕੀਤਾ ਗਿਆ ਸੀ ਪਰ ਦਫਤਰਾਂ ਵਿੱਚ ਕੰਮ ਕਰਦੇ 1200 ਮੁਲਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਯਾਦ ਕਰਵਾਇਆ ਕਿ ਜਿਹੜੇ ਮੁਲਾਜ਼ਮਾਂ ਦੀਆਂ ਬਦਲੀਆਂ ਦੂਰ-ਦੁਰਾਡੇ ਕੀਤੀਆਂ ਗਈਆਂ ਹਨ, ਉਹ ਰੱਦ ਕੀਤੀਆਂ ਜਾਣ।
ਹੁਣ ਤੱਕ ਚਾਰ ਸਿੱਖਿਆ ਮੰਤਰੀਆਂ ਨੂੰ ਮਿਲ ਚੁੱਕਾ ਹੈ ਵਫਦ
ਜੱਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਅਸ਼ੀਸ਼ ਜੁਲਾਹਾ ਨੇ ਦੱਸਿਆ ਕਿ ਜੱਥੇਬੰਦੀ ਹੁਣ ਤੱਕ ਜਿਹੜੇ ਚਾਰ ਸਿੱਖਿਆ ਮੰਤਰੀਆਂ ਨੂੰ ਮਿਲ ਚੁੱਕੀ ਹੈ ਤੇ ਹੱਕਾਂ ਵਾਸਤੇ ਸੰਘਰਸ਼ ਤੋਂ ਸਿਵਾਏ ਹੋਰ ਕੋਈ ਰਾਹ ਨਹੀਂ ਬਚਿਆ। ਜੱਥੇਬੰਦੀ ਨੇ ਚੇਤਾਵਨੀ ਵੀ ਦਿੱਤੀ ਕਿ ਮੰਗਾਂ ਨਾ ਮੰਨਣ ਦਾ ਖਿਮਆਜ਼ਾ ਕਾਂਗਰਸ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ।