M C Meeting Turns Chaotic: ‘ਆਪ’ ਕੌਂਸਲਰ ਨੇ ਏਜੰਡਾ ਪਾੜ ਕੇ ਮੇਅਰ ਅੱਗੇ ਸੁੱਟਿਆ
ਨਿਗਮ ਮੀਟਿੰਗ ਵਿੱਚ ਵਿਕਾਸ ਕਾਰਜਾਂ ਸਬੰਧੀ ਹੰਗਾਮਾ; ਪੱਤਰਕਾਰਾਂ ਨੂੰ ਮੀਟਿੰਗ ਵਿੱਚੋਂ ਬਾਹਰ ਕੱਢਿਆ
ਨਗਰ ਨਿਗਮ ਦੀ ਮੀਟਿੰਗ ਅੱਜ ਹੰਗਾਮੇ ’ਚ ਬਦਲ ਗਈ। ਮੀਟਿੰਗ ਸ਼ੁਰੂ ਹੁੰਦਿਆਂ ਹੀ ‘ਆਪ’ ਦੀ ਮਹਿਲਾ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਨਿਗਮ ਦੀ ਕਾਰਗੁਜ਼ਾਰੀ ’ਤੇ ਸੁਆਲ ਚੁੱਕਦਿਆਂ ਆਪਣਾ ਏਜੰਡਾ ਪਾੜ ਕੇ ਮੇਅਰ ਤੇ ਕਮਿਸ਼ਨਰ ਅੱਗੇ ਸੁੱਟ ਦਿੱਤਾ ਤੇ ਮੀਟਿੰਗ ਤੋਂ ਬਾਹਰ ਚਲੇ ਗਏ। ਕਾਂਗਰਸੀ ਕੌਂਸਲਰ ਸੰਜੀਵ ਬੁੱਗਾ, ਤਰਨਜੀਤ ਸਿੰਘ ਵਾਲੀਆ, ਸੁਸ਼ੀਲ ਮੈਣੀ ਅਤੇ ਜਤਿੰਦਰ ਵਰਮਾਨੀ ਨੇ ਦੋਸ਼ ਲਗਾਇਆ ਕਿ ਸ਼ਹਿਰ ਦੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ‘ਆਪ’ ਕੌਂਸਲਰ ਵਿਜੈ ਕੁਮਾਰ ਮੇਨਕਰ ਨੇ ਦੋਸ਼ ਲਾਇਆ ਕਿ ਨਿਗਮ ਕੋਲ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਠੋਸ ਜਵਾਬ ਨਹੀਂ ਹੈ ਅਤੇ ਸਿਰਫ਼ ਗੱਲਾਂ ਨਾਲ ਮਾਮਲਾ ਟਾਲਿਆ ਜਾ ਰਿਹਾ ਹੈ। ਕਾਂਗਰਸੀ ਕੌਂਸਲਰ ਸੰਜੀਵ ਬੁੱਗਾ ਨੇ ਕਿਹਾ ਕਿ ਪਿਛਲੇ ਸਾਲ ਦੀਵਾਲੀ ਮੌਕੇ ਮੇਅਰ ਨੇ ਸ਼ਹਿਰ ਨੂੰ ਜਗਮੱਗ ਕਰਵਾਉਣ ਲਈ ਕਰੋੜਾਂ ਰੁਪਏ ਦੀਆਂ ਲਾਈਟਾਂ ਲਾਉਣ ਦਾ ਵਾਅਦਾ ਕੀਤਾ ਸੀ ਪਰ ਸ਼ਹਿਰ ’ਚ ਹਨ੍ਹੇਰਾ ਉਸ ਸਮੇਂ ਵੀ ਛਾਇਆ ਰਿਹਾ ਤੇ ਅੱਜ ਵੀ ਉਸ ਤਰ੍ਹਾਂ ਕਾਇਮ ਹੈ। ਉਨ੍ਹਾਂ ਕਿਹਾ ਕਿ ਹੁਣ ਫ਼ਿਰ ਦੋ ਕਰੋੜ ਰੁਪਏ ਦੀਆਂ ਲਾਈਟਾ ਖਰੀਦੀਆਂ ਗਈਆਂ ਹਨ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਮੇਅਰ ਰਾਮਪਾਲ ਉੱਪਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਜੋ 16 ਏਜੰਡੇ ਰੱਖੇ ਗਏ ਸਨ ਉਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ ਹੈ। ਨਿਗਮ ਦੀ ਮੀਟਿੰਗ ਉਨੀ ਦੇਰ ਤੱਕ ਸ਼ੁਰੂ ਨਹੀਂ ਹੋਈ ਜਦੋਂ ਤੱਕ ਪੱਤਰਕਾਰ ਮੀਟਿੰਗ ’ਚੋਂ ਬਾਹਰ ਨਹੀਂ ਗਏ ਜਿਸ ਦੀ ਵਿਰੋਧੀ ਧਿਰਾਂ ਨੇ ਨਿਖੇਧੀ ਕੀਤੀ।

