ਪਰੇਡ ਲਈ ਮਸ਼ਕਾਂ: ਸੜਕਾਂ ’ਤੇ ਨਿਕਲੇ ਅੱਠ ਹਜ਼ਾਰ ਟਰੈਕਟਰ

ਖਟਕੜ ਕਲਾਂ ’ਚ ਵੀ ਪਈ ਟਰੈਕਟਰਾਂ ਦੀ ਗੰੂਜ; ਦਿੱਲੀ ਨੂੰ ਵਹੀਰਾਂ ਘੱਤਣ ਦਾ ਹੋਕਾ ਦੇਣ 51 ਪਿੰਡਾਂ ’ਚ ਪੁੱਜਿਆ ਟਰੈਕਟਰ ਮਾਰਚ

ਪਰੇਡ ਲਈ ਮਸ਼ਕਾਂ: ਸੜਕਾਂ ’ਤੇ ਨਿਕਲੇ ਅੱਠ ਹਜ਼ਾਰ ਟਰੈਕਟਰ

ਜਲੰਧਰ ਦੇ ਐੱਨਐੱਚ 1 ਉੱਤੇ ਕੇਂਦਰ ਸਰਕਾਰ ਖ਼ਿਲਾਫ਼ ਪਰੇਡ ਕਰਦੇ ਹੋਏ ਹਜ਼ਾਰਾਂ ਦੀ ਗਿਣਤੀ ’ਚ ਟਰੈਕਟਰ। -ਫੋਟੋ: ਮਲਕੀਅਤ ਸਿੰਘ

ਪਾਲ ਸਿੰਘ ਨੌਲੀ
ਜਲੰਧਰ, 15 ਜਨਵਰੀ

ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਕੱਢੇ ਗਏ ਟਰੈਕਟਰ ਮਾਰਚ ਵਿਚ ਅੱਠ ਹਜ਼ਾਰ ਦੇ ਕਰੀਬ ਟਰੈਕਟਰਾਂ ’ਤੇ 12 ਹਜ਼ਾਰ ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਜਥੇਬੰਦੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਥੋੜ੍ਹੇ ਸਮੇਂ ਦੇ ਸੱਦੇ ’ਤੇ ਹੀ ਏਨੀ ਵੱਡੀ ਗਿਣਤੀ ਵਿਚ ਟਰੈਕਟਰਾਂ ਤੇ ਕਿਸਾਨਾਂ ਦੇ ਮਾਰਚ ਵਿਚ ਸ਼ਾਮਲ ਹੋਣ ਨਾਲ ਭਾਜਪਾ ਆਗੂਆਂ ਦੀ ਨੀਂਦ ਉੱਡ ਗਈ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਨੇ ਕਿਹਾ ਕਿ ਇਹ ਟਰੈਕਟਰ ਮਾਰਚ 26 ਜਨਵਰੀ ਦੀ ਤਿਆਰੀ ਵਜੋਂ ਕੱਢਿਆ ਗਿਆ ਸੀ ਤੇ ਭਾਜਪਾ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਜਵਾਬ ਸੀ। ਇਹ ਮਾਰਚ ਫਗਵਾੜਾ ਦਾਣਾ ਮੰਡੀ ਤੋਂ ਸ਼ੁਰੂ ਹੋਇਆ ਤੇ ਜਲੰਧਰ ਨੈਸ਼ਨਲ ਹਾਈਵੇਅ ਤੋਂ ਹੁੰਦਾ ਹੋਇਆ ਰਾਮਾਂ ਮੰਡੀ ਚੌਕ ਤੋਂ ਵਾਪਸ ਫਗਵਾੜੇ ਮੁੜ ਗਿਆ।

ਟਰੈਕਟਰ ਮਾਰਚ ਦੇ ਅੱਗੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਵੀ ਚੱਲ ਰਹੇ ਸਨ ਪਰ ਕਿਸਾਨਾਂ ਵੱਲੋਂ ਕੱਢਿਆ ਗਿਆ ਮਾਰਚ ਅਨੁਸ਼ਾਸਨਬੱਧ ਸੀ ਤੇ ਨੈਸ਼ਨਲ ਹਾਈਵੇਅ ’ਤੇ ਭਾਰੀ ਆਵਾਜਾਈ ਹੋਣ ਦੇ ਬਾਵਜੂਦ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਝੱਲਣੀ ਪਈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨੀ ਅੰਦੋਲਨ ’ਚ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਇਨ੍ਹਾਂ ਮੌਤਾਂ ਲਈ ਮੋਦੀ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ 16 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ ਜਿਹੜੀ ਪਿੰਡ ਸੰਘਵਾਲ ਦੇ ਸਟੇਡੀਅਮ ਤੋਂ ਸ਼ੁਰੂ ਹੋਵੇਗੀ ਤੇ ਜਲੰਧਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਕੇ ਵਾਪਸ ਸੰਘਵਾਲ ਜਾ ਕੇ ਸਮਾਪਤ ਹੋਵੇਗੀ।

ਬੰਗਾ (ਸੁਰਜੀਤ ਮਜਾਰੀ): ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਵੱਲੋਂ ਸੈਂਕੜੇ ਟਰੈਕਟਰਾਂ ’ਤੇ ਸਵਾਰ ਹੋ ਕੇ ਇਲਾਕਾ ਬੰਗਾ-ਬਹਿਰਾਮ ਵਿਚ ਟਰੈਕਟਰ ਮਾਰਚ ਕੀਤਾ ਗਿਆ ਅਤੇ ਪਿੰਡਾਂ ਦੇ ਕਿਰਤੀਆਂ, ਕਿਸਾਨਾਂ ਨੂੰ ਵੱਡੀ ਗਿਣਤੀ ’ਚ ਟਰੈਕਟਰ ਲੈ ਕੇ 26 ਜਨਵਰੀ ਦੀ ਕਿਸਾਨ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਦਾ ਹੋਕਾ ਦਿੱਤਾ ਗਿਆ। ਸੈਂਕੜੇ ਟਰੈਕਟਰਾਂ ਦਾ ਕਾਫ਼ਲਾ ਸਵੇਰੇ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਬੁੱਤ ਤੋਂ ਰਵਾਨਾ ਹੋਇਆ ਅਤੇ ਬੰਗਾ ਸ਼ਹਿਰ ਵਿਚ ਪਹੁੰਚਿਆ। ਸ਼ਹਿਰ ਵਾਸੀਆਂ ਨੇ ਕਾਫ਼ਲੇ ਦਾ ਜੋਸ਼-ਖ਼ਰੋਸ਼ ਨਾਲ ਸਵਾਗਤ ਕੀਤਾ। ਇੱਥੋਂ ਇਹ ਪਿੰਡ ਮਜਾਰੀ, ਮੱਲੂਪੋਤਾ, ਲੰਗੇਰੀ, ਚੱਕ ਬਿਲਗਾਂ, ਕੱਟਾਂ, ਚੱਕ ਰਾਮੂੰ, ਤਾਹਰਪੁਰ, ਸਰਹਾਲ ਮੁੰਡੀ, ਭਰੋ ਮਜਾਰਾ, ਸਰਹਾਲ ਕਾਜ਼ੀਆਂ, ਖ਼ਾਨਪੁਰ, ਖ਼ਾਨਖ਼ਾਨਾ, ਗੁਣਾਂਚੌਰ, ਮਜ਼ਾਰਾ ਰਾਜਾ ਸਾਹਿਬ, ਕਰਨਾਣਾ, ਚਾਹਲਾਂ, ਰਸੂਲਪੁਰ, ਮੰਗੂਵਾਲ, ਕਾਹਮਾ, ਭੂਤਾਂ, ਮੱਲਪੁਰ ਆਦਿ ਵੱਖ-ਵੱਖ ਪਿੰਡਾਂ ਵਿੱਚੋਂ ਗੁਜ਼ਰਦਾ ਹੋਇਆ ਸ਼ਾਮ ਨੂੰ ਸਮਾਪਤ ਹੋਇਆ।

ਤਰਨ ਤਾਰਨ (ਪੱਤਰ ਪੇ੍ਰਕ): 26 ਜਨਵਰੀ ਨੂੰ ਦਿੱਲੀ ਦੇ ਰਾਜਪਥ ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਵਿੱਚ ਵਧ ਤੋਂ ਵਧ ਕਿਸਾਨਾਂ ਤੇ ਹੋਰਨਾਂ ਵਰਗਾਂ ਦੇ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਲਾਮਬੰਦ ਕਰਨ ਵਾਸਤੇ ਅੱਜ ਇਲਾਕੇ ਅੰਦਰ ਟਰੈਕਟਰ ਮਾਰਚ ਕੀਤਾ ਗਿਆ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਕੀਤੇ ਗਏ ਇਸ ਮਾਰਚ ਦੀ ਅਗਵਾਈ ਜਥੇਬੰਦੀ ਦੇ ਜਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਸਿਧਵਾਂ, ਹਰਪਾਲ ਸਿੰਘ ਸਿਧਵਾਂ, ਹਰਦੀਪ ਸਿੰਘ ਜੌਹਲ, ਮਨਜਿੰਦਰ ਸਿੰਘ ਗੋਹਲਵੜ, ਬਲਜੀਤ ਸਿੰਘ ਰਟੌਲ ਆਦਿ ਨੇ ਕੀਤੀ| ਇਸ ਮਾਰਚ ਵਿੱਚ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਵਲੋਂ ਟਰੈਕਟਰਾਂ ਨਾਲ ਸ਼ਮੂਲੀਅਤ ਕੀਤੀ| ਤਰਨ ਤਾਰਨ ਤੋਂ ਸ਼ੁਰੂ ਕੀਤਾ ਇਹ ਮਾਰਚ ਗੋਹਲਵੜ, ਦਬੁਰਜੀ, ਨੂਰਦੀ, ਜੌਹਲ ਰਾਜੂ ਸਿੰਘ, ਠੱਠੀ, ਖਾਰਾ, ਮੰਨਣ, ਐਮਾ, ਜਗਤਪੁਰਾ, ਠੱਠਗੜ, ਖੇਰਦੀਨਕੇ, ਪੰਡੋਰੀ ਸਿਧਵਾਂ, ਪੰਡੋਰੀ ਰਣ ਸਿੰਘ, ਪੰਡੋਰੀ ਰਮਾਣਾ, ਪੰਡੋਰੀ ਤੱਖਤਮੱਲ, ਕੋਟ ਦਸੰਦੀ ਮੱਲ, ਬਾਲਾਚੱਕ, ਕੋਟਲੀ, ਰਟੌਲ, ਬਹਿਲਾ ਆਦਿ ਦਰਜ਼ਨਾਂ ਕਸਬਿਆ ਅਤੇ ਪਿੰਡਾ ਤੱਕ ਗਿਆ|

ਸ਼ਾਹਕੋਟ (ਪੱਤਰ ਪੇ੍ਰਕ): ਮਜ਼ਦੂਰ ਕਿਸਾਨ ਸੰਘਰਸ਼ ਦੀ ਇਕਾਈ ਬਾਹਮਣੀਆਂ ਦੇ ਪ੍ਰਧਾਨ ਮਨਦੀਪ ਸਿੰਘ ਅਤੇ ਚੱਕ ਬਾਹਮਣੀਆਂ ਦੇ ਪ੍ਰਧਾਨ ਜਗਦੀਸ਼ਪਾਲ ਸਿੰਘ ਦੀ ਅਗਵਾਈ ਵਿਚ ਕਿਸਾਨਾਂ ਦਾ ਇੱਕ ਜਥਾ 25 ਟੈਂਟ ਤੇ 2 ਟਰਾਲੇ ਲੱਕੜਾਂ ਦੇ ਲੈ ਕੇ ਇੱਥੋਂ ਦਿੱਲੀ ਲਈ ਰਵਾਨਾ ਹੋਇਆ। ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਕਿਸਾਨੀ ਘੋਲ ਨੂੰ ਫੇਲ੍ਹ ਕਰਨ ਦੀਆਂ ਚਾਲਾਂ ਚੱਲ ਰਹੀ ਹੈ।

ਕਿਸਾਨਾਂ ਨੇ ਟਰੈਕਟਰਾਂ ’ਚ ਰਖਾਏ ਟਰੱਕਾਂ ਵਾਲੇ ਇੰਜਣ

ਕਿਸਾਨ ਸੰਯੁਕਤ ਮੋਰਚੇ ਵੱਲੋਂ 26 ਜਨਵਰੀ ਦੀ ਕਿਸਾਨ ਪਰੇਡ ’ਚ ਟਰੈਕਟਰਾਂ ਸਮੇਤ ਸ਼ਾਮਲ ਹੋਣ ਲਈ ਦਿੱਤੇ ਸੱਦੇ ਦੌਰਾਨ ਨੌਜਵਾਨ ਕਿਸਾਨਾਂ ਨੇ ਆਪਣੇ ਟਰੈਕਟਰਾਂ ਵਿਚ ਟਰੱਕਾਂ ਦੇ ਇੰਜਣ ਰਖਵਾ ਲਏ ਹਨ। ਪਿੰਡ ਚਾਹੜਕੇ ਤੇ ਪਧਿਆਣਾ ਦੇ ਕਿਸਾਨਾਂ ਨੇ ਆਪਣੇ ਟਰੈਕਟਰਾਂ ਨੂੰ ਸੁਰੱਖਿਆ ਪੱਖੋਂ ਵੀ ਮਜ਼ਬੂਤ ਕਰ ਲਿਆ ਹੈ। ਕਿਸਾਨਾਂ ਨੇ ਟਰੈਕਟਰਾਂ ਦੀ ਹਾਰਸ ਪਾਵਰ ਵੀ ਵਧਾ ਦਿੱਤੀ ਹੈ ਤੇ ਇਸ ਦੀ ਸਪੀਡ ਵੀ ਲਗਜ਼ਰੀ ਗੱਡੀਆਂ ਵਾਂਗ ਵਧਾ ਦਿੱਤੀ ਗਈ ਹੈ। ਪਿੰਡ ਪਧਿਆਣਾ ਦੇ ਕਿਸਾਨ ਅਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਸ ਨੇ ਕਿਸਾਨੀ ਘੋਲ ਦੀ ਖਾਤਰ ਆਪਣੇ ਸੱਤਾਂ ਟਰੈਕਟਰਾਂ ਵਿਚੋਂ ਚਾਰ ਟਰੈਕਟਰ ਤੇ ਦੋ ਗੱਡੀਆਂ ਵੇਚ ਦਿੱਤੀਆਂ ਹਨ ਤਾਂ ਜੋ ਮੋਰਚੇ ਵਿਚ ਡਟੇ ਕਿਸਾਨਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਆਵੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All