ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮਾਰਚ
ਸ਼ਾਹਕੋਟ ’ਚ ਮਸ਼ਾਲ ਮਾਰਚ ਮੌਕੇ ਸ਼ਹੀਦ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ; ਹੋਰ ਵੀ ਕਈ ਥਾਈਂ ਸਮਾਗਮ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਮਜ਼ਦੂਰ, ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਕਸਬੇ ਵਿਚ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕੀਤਾ ਮਸ਼ਾਲ ਮਾਰਚ ਸ਼ਹੀਦ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦੇ ਗਿਆ। ਸੁਸਾਇਟੀ ਦੇ ਦਫ਼ਤਰ ਤੋਂ ਸ਼ੁਰੂ ਹੋਇਆ ਮਸ਼ਾਲ ਮਾਰਚ ਕਸਬੇ ਦੇ ਬਜ਼ਾਂਰਾਂ ਤੇ ਮੁਹੱਲਿਆਂ ਵਿਚੋਂ ਦੀ ਹੁੰਦਾ ਹੋਇਆ ਮੁੜ ਇੱਥੇ ਆ ਕੇ ਸਮਾਪਤ ਹੋਇਆ। ਇਸ ਮੌਕੇ ਸੁਸਾਇਟੀ ਦੇ ਸੂਬਾਈ ਆਗੂ ਸੁਖਵਿੰਦਰ ਬਾਗਪੁਰੀ ਤੇ ਬਿੱਟੂ ਰੂਪੇਵਾਲੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟੂ ਤੇ ਸਕੱਤਰ ਸੁਖਜਿੰਦਰ ਲਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਚਾਹਲ, ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ ਅਤੇ ਆਲ ਇੰਡੀਆਂ ਕਿਸਾਨ ਸਭਾ ਦੇ ਸੂਬਾਈ ਆਗੂ ਵਰਿੰਦਰ ਪਾਲ ਸਿੰਘ ਕਾਲਾ ਨੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਦੌਰ ’ਚ ਜਦੋਂ ਫਿਰਕੂ ਫਾਸ਼ੀਵਾਦ ਦਾ ਦੈਂਤ ਸਿਰ ਚੜ੍ਹ ਕੇ ਆ ਰਿਹਾ ਤਾਂ ਉਸ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ।
ਧਾਰੀਵਾਲ (ਪੱਤਰ ਪ੍ਰੇਰਕ): ਸਰਹੱਦੀ ਸਪੋਰਟਸ ਅਤੇ ਵੈੱਲਫੇਅਰ ਕਲੱਬ ਬਟਾਲਾ ਵੱਲੋਂ ਇੱਥੋਂ ਨਜ਼ਦੀਕ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ।
ਬਲਾਚੌਰ (ਪੱਤਰ ਪ੍ਰੇਰਕ): ਅੱਜ ਪਿੰਡ ਟੌਂਸਾ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਨੌਜਵਾਨ ਵਿਦਿਆਰਥੀ ਮੇਲਾ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਸਾਬਕਾ ਸਰਪੰਚ ਸ਼ਸ਼ੀ ਰਾਣਾ ਡਾਕਟਰ, ਸ਼ਹੀਦ ਨੌਜਵਾਨ ਫੈਡਰੇਸ਼ਨ ਦੇ ਪ੍ਰਧਾਨ ਅਵੀ ਸਿੰਘ ਅਤੇ ਪਵਨ ਕੁਮਾਰ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਬੱਚਿਆਂ ਦੇ ਵਿਦਿਅਕ ਮੁਕਾਬਲੇ, ਚਿੱਤਰ ਕਲਾ, ਕਵਿਤਾ ਅਤੇ ਗੀਤਾਂ ਦੇ ਮੁਕਾਬਲੇ ਕਰਵਾਏ ਗਏ।

