Manish Sisodia Hoshiarpur: ਸਿੱਖਿਆ ’ਚ ਸੁਧਾਰਾਂ ਬਾਰੇ ਵਿਚਾਰ-ਚਰਚਾ ਕੀਤੀ
ਅਧਿਆਪਕ ਦਿਵਸ ’ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਵਿੱਚ 200 ਤੋਂ ਵੱਧ ਸਰਕਾਰੀ ਸਕੂਲ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਦੇ ਸਿੱਖਿਆ ਸੁਧਾਰਾਂ ਨੂੰ ’ਤੇ ਚਰਚਾ ਕੀਤੀ। ਉਨ੍ਹਾਂ ਨੇ ਪੜ੍ਹਾਈ ਦੇ...
ਅਧਿਆਪਕ ਦਿਵਸ ’ਤੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਹੁਸ਼ਿਆਰਪੁਰ ਵਿੱਚ 200 ਤੋਂ ਵੱਧ ਸਰਕਾਰੀ ਸਕੂਲ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਪੰਜਾਬ ਦੇ ਸਿੱਖਿਆ ਸੁਧਾਰਾਂ ਨੂੰ ’ਤੇ ਚਰਚਾ ਕੀਤੀ। ਉਨ੍ਹਾਂ ਨੇ ਪੜ੍ਹਾਈ ਦੇ ਨਤੀਜਿਆਂ ਵਿੱਚ ਪੰਜਾਬ ਦੇ ਪਹਿਲੇ ਸਥਾਨ ’ਤੇ ਰਹਿਣ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਅਧਿਆਪਕਾਂ ਦੀ ਸਿਖਲਾਈ ’ਤੇ ਕੀਤੇ ਜਾ ਰਹੇ ਨਿਵੇਸ਼, ਜਿਸ ਵਿੱਚ ਸਿੰਘਾਪੁਰ, ਫਿਨਲੈਂਡ ਅਤੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ ਆਈ ਐੱਮ) ਅਹਿਮਦਾਬਾਦ ਦੇ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ, ਦਾ ਖ਼ਾਸ ਜ਼ਿਕਰ ਕੀਤਾ। ਟਾਂਡਾ ਦੇ ਇੱਕ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 40 ਤੋਂ ਵਧ ਕੇ 400 ਤੋਂ ਵੱਧ ਹੋਣ ਅਤੇ ਵਿਦਿਆਰਥੀਆਂ ਵੱਲੋਂ ਨੀਟ ਅਤੇ ਜੇ ਈ ਈ ਪਾਸ ਕਰਨ ਦੀਆਂ ਮਿਸਾਲਾਂ ਦਿੰਦਿਆਂ, ਉਨ੍ਹਾਂ ਨੇ ਅਧਿਆਪਕਾਂ ਨੂੰ ਇਸ ਤਬਦੀਲੀ ਦਾ ਮੁੱਖ ਸਰੋਤ ਦੱਸਿਆ। ਇਸ ਸੰਵਾਦ ਦੌਰਾਨ ਅਧਿਆਪਕਾਂ ਨੇ ਆਪਣੇ ਨਿੱਜੀ ਤਜਰਬਿਆਂ, ਦਰਪੇਸ਼ ਚੁਣੌਤੀਆਂ ਅਤੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਸੁਫਨਿਆਂ ਅਤੇ ਪ੍ਰਾਪਤੀਆਂ ਵਿੱਚ ਆ ਰਹੀ ਤਬਦੀਲੀ ਬਾਰੇ ਚਰਚਾ ਕੀਤੀ।
ਸ੍ਰੀ ਸਿਸੋਦੀਆ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਭਗਵੰਤ ਮਾਨ ਸਰਕਾਰ ਦਾ ਸਭ ਤੋਂ ਵੱਡਾ ਯੋਗਦਾਨ ਕੇਵਲ ਬਿਹਤਰ ਢਾਂਚਾ ਤਿਆਰ ਕਰਨਾ ਹੀ ਨਹੀਂ, ਸਗੋਂ ਸਰਕਾਰੀ ਸਕੂਲ ਅਧਿਆਪਕਾਂ ਦੇ ਮਾਣ-ਸਨਮਾਨ, ਆਤਮ-ਵਿਸ਼ਵਾਸ ਨੂੰ ਬਹਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜਮਾਤਾਂ ਵਿੱਚ ਨਤੀਜਿਆਂ ਵਿੱਚ ਪੰਜਾਬ ਦਾ ਕੇਰਲ ਵਰਗੇ ਰਵਾਇਤੀ ਤੌਰ ’ਤੇ ਅੱਗੇ ਰਹਿਣ ਵਾਲੇ ਸੂਬਿਆਂ ਨੂੰ ਪਛਾੜ ਕੇ ਦੇਸ਼ ਦਾ ਨੰਬਰ ਇਕ ਰਾਜ ਬਣਨਾ ਕਿਸੇ ਪ੍ਰਚਾਰ ਜਾਂ ਸਰਕਾਰੀ ਹੁਕਮਾਂ ਨਾਲ ਨਹੀਂ ਹੋਇਆ। ਇਸ ਦਾ ਸਿਹਰਾ ਸਭ ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਨੂੰ ਜਾਂਦਾ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਰਕਾਰਾਂ ਨੂੰ ਅਧਿਆਪਕਾਂ ਨੂੰ ਸਿਰਫ਼ ਅਧਿਆਪਕ ਦਿਵਸ ’ਤੇ ਹੀ ਯਾਦ ਕਰਨ ਤੋਂ ਅੱਗੇ ਵਧਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਜਮਾਤਾਂ ਦੇ ਤਜਰਬਿਆਂ ਨੂੰ ਸੁਣਨ ਲਈ ਨਿਯਮਤ ਮੰਚ ਤਿਆਰ ਕਰਨੇ ਚਾਹੀਦੇ ਹਨ। ਪ੍ਰੋਗਰਾਮ ਵਿੱਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਜਸਬੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ ਅਤੇ ਡਾ. ਇਸ਼ਾਂਕ ਕੁਮਾਰ ਆਦਿ ਹਾਜ਼ਰ ਸਨ।

