ਮਹਾਂ ਹੜਤਾਲ: ਸਰਕਾਰੀ ਦਫ਼ਤਰਾਂ ਵਿੱਚ ਸੁੰਨ ਪਸਰੀ
ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਵਿਸ਼ਾਲ ਰੋਸ ਰੈਲੀਆਂ; ਸਮੂਹਿਕ ਛੁੱਟੀ ਲੈ ਕੇ ਕੰਮ-ਕਾਜ ਠੱਪ ਕੀਤਾ
ਮੁਲਾਜ਼ਮ ਜਥੇਬੰਦੀਆਂ ਦੀ ਮਹਾਂ ਹੜਤਾਲ ਪੰਜਾਬ ਬੰਦ ਤਹਿਤ ਅੱਜ ਸਰਕਾਰੀ ਦਫਤਰਾਂ ਵਿੱਚ ਸੁੰਨ ਪਸਰੀ ਰਹੀ ਹੈ। ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਦਿੱਤੇ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਲਗਭਗ ਸਾਰੇ ਹੀ ਸਰਕਾਰੀ ਦਫਤਰਾਂ ਵਿੱਚ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲਈ, ਜਿਸ ਕਾਰਨ ਕੰਮ-ਕਾਜ ਠੱਪ ਰਿਹਾ। ਮੁਲਾਜ਼ਮ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਨੇੜੇ ਸਾਂਝੀ ਰੈਲੀ ਕੀਤੀ ਗਈ। ਸਿਹਤ ਸੇਵਾਵਾਂ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਵੱਲੋਂ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਆਉਂਦੇ ਹਸਪਤਾਲ ਵਿੱਚ ਰੈਲੀ ਕੀਤੀ ਗਈ। ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਵਿੱਚ ਸ਼ਾਮਲ ਨਿਰਮਲ ਸਿੰਘ ਅਨੰਦ, ਗੁਰਿੰਦਰ ਸਿੰਘ ਘੁੱਕੇਵਾਲੀ, ਅਸ਼ਵਨੀ ਅਵਸਥੀ ਤੇ ਹੋਰਨਾਂ ਨੇ ਕਿਹਾ ਕਿ ਸਰਕਾਰ ਦਾ ਇਹੀ ਵਤੀਰਾ ਰਿਹਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਮੁਕੇਰੀਆਂ (ਜਗਜੀਤ ਸਿੰਘ): ਵੱਖ-ਵੱਖ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪੈਨਸ਼ਨਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ, ਮੁਲਾਜ਼ਮ ਆਗੂ ਰਜਤ ਮਹਾਜਨ, ਮਨਜੀਤ ਸਿੰਘ, ਸਤੀਸ਼ ਕੁਮਾਰ ਅਤੇ ਰਾਕੇਸ਼ ਕੁੰਵਰ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਵਿੱਚ ਜੁਆਇੰਟ ਫੋਰਮ ਦੇ ਆਗੂ ਇੰਜਨੀਅਰ ਤਰਲੋਚਨ ਸਿੰੰਘ, ਜਗਦੀਸ਼ ਸਿੰਘ ਗੁੰਨੋਪੁਰ, ਜਗਜੀਤ ਸਿੰਘ ਨੁਸ਼ਹਿਰਾ ਪੱਤਣ, ਸੁਰਜੀਤ ਸਿੰਘ, ਇੰਦਰਜੀਤ ਸਿੰਘ ਅਤੇ ਕਿਸਾਨ ਆਗੂ ਉਂਕਾਰ ਸਿੰਘ ਪੁਰਾਣਾ ਭੰਗਾਲਾ ਨੇ ਵੀ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਗਿਆ। ਅਦਾਲਤੀ ਹੁਕਮਾਂ ਦੇ ਬਾਵਜੂਦ ਮੁਲਾਜ਼ਮਾਂ ਨੂੰ 18 ਫ਼ੀਸਦੀ ਮਹਿੰਗਾਈ ਭੱਤਾ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ।
ਤਲਵਾੜਾ (ਦੀਪਕ ਠਾਕੁਰ): ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਤਹਿਸੀਲ ਕੰਪਲੈਕਸ ਵਿੱਚ ਰੱਖੇ ਮੁਜ਼ਾਹਰੇ ਵਿੱਚ ਪੁੱਜੇ। ਮੁਜ਼ਾਹਰੇ ’ਚ ਬਜ਼ੁਰਗ ਪੈਨਸ਼ਨਰ, ਕੱਚੇ, ਠੇਕਾ, ਇਨਲਿਸਟਮੈਂਟ ਤੇ ਆਊਟਸੋਰਸ ਕਰਮਚਾਰੀਆਂ ਤੋਂ ਇਲਾਵਾ ਮਹਿਲਾ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਮੁਜ਼ਾਹਰਾਕਾਰੀਆਂ ਨੇ ਸ਼ਹਿਰ ’ਚ ਬੱਸ ਸਟੈਂਡ ਤੋਂ ਮਹਾਰਾਣਾ ਪ੍ਰਤਾਪ ਚੌਕ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ। ਇਸ ਮੌਕੇ ਪਸਸਫ ਆਗੂ ਰਾਜੀਵ ਸ਼ਰਮਾ, ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਤੇ ਮੇਲਾ ਸਿੰਘ, ਸ਼ਾਮ ਸਿੰਘ, ਪਿੰਕੀ ਬਡਿਆਲ, ਧਰਮਿੰਦਰ ਸਿੰਘ ਮੁਕੇਰੀਆਂ, ਰਮੇਸ਼ ਸਹੋਤਾ, ਕੁੰਦਨ ਲਾਲ, ਨਰੇਸ਼ ਮਿੱਡਾ, ਸ਼ਸ਼ੀਕਾਂਤ, ਨਿਰਮਲ ਸਿੰਘ ਬੱਧਣ, ਪਹਿਲਵਾਨ ਨਿਰਮਲ ਸਿੰਘ ਆਦਿ ਨੇ ਸੰਬੋਧਨ ਕੀਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਉੱਤੇ ਜ਼ਿਲ੍ਹਾ ਹੈੱਡਕੁਆਰਟਰ ਸਰਕਲ ਤਰਨ ਤਾਰਨ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ। ਗਰਮੀ ਬਹੁਤ ਜ਼ਿਆਦਾ ਹੋਣ ਦੇ ਬਾਵਜੂਦ ਸੈਂਕੜੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ। ਇਸ ਮੌਕੇ ਸਰਕਲ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ ਸਰਕਲ ਗੁਰਪ੍ਰੀਤ ਸਿੰਘ ਮੰਨਣ, ਬਲਵਿੰਦਰ ਸਿੰਘ ਪਲਾਸੌਰ, ਸੋਹਣ ਸਿੰਘ ਰੱਖੜਾ, ਸੁਰਜੀਤ ਸਿੰਘ ਵਰਪਾਲ, ਅਲਵਿੰਦਰ ਸਿੰਘ ਜੌਹਲ ਤੇ ਧਨਵੰਤ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਗਏ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਤਰਨ ਤਾਰਨ (ਗੁਰਬਖਸ਼ਪੁਰੀ): ਪੈਰਾ-ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਸਾਰੇ ਹਸਪਤਾਲਾਂ ਦੀ ਓ ਪੀ ਡੀ ਬੰਦ ਕਰ ਕੇ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਸਿਵਲ ਹਸਪਤਾਲ ਤੋਂ ਬੋਹੜੀ ਚੌਕ ਤੱਕ ਮਾਰਚ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਧਰਨੇ ਵਿੱਚ ਪੈਰਾ-ਮੈਡੀਕਲ ਸਿਹਤ ਮੁਲਾਜ਼ਮਾਂ ਦੇ ਨਾਲ-ਨਾਲ ਮੈਡੀਕਲ ਅਫਸਰਾਂ ਨੇ ਵੀ ਭਾਗ ਲਿਆ। ਇਸ ਮੌਕੇ ਮੁਲਾਜ਼ਮਾਂ ਦੇ ਆਗੂ ਵਿਰਸਾ ਸਿੰਘ ਪੰਨੂ, ਰਜਵੰਤ ਸਿੰਘ ਬਾਗੜੀਆਂ, ਸਰਬਜੀਤ ਸਿੰਘ, ਮਨਜੀਤ ਸਿੰਘ, ਗੁਰਜਿੰਦਰ ਢਿੱਲੋਂ, ਭੁਪਿੰਦਰ ਸਿੰਘ ਮਰਹਾਣਾ, ਹਰਜੀਤ ਸਿੰਘ ਪਹੁਵਿੰਡ, ਐੱਸ ਐੱਮ ਓ ਡਾ. ਸੁਰਿੰਦਰ ਕੁਮਾਰ ਅਤੇ ਸਮੂਹ ਮੈਡੀਕਲ ਅਫਸਰਾਂ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ (ਐੱਨ ਪੀ ਧਵਨ): ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਸਾਂਝੇ ਫਰੰਟ ਵੱਲੋਂ ਸਰਕਾਰੀ ਦਫਤਰਾਂ ਅਤੇ ਅਦਾਰਿਆਂ ਨੂੰ ਬੰਦ ਕਰਕੇ ਤਾਲੇ ਲਾ ਦਿੱਤੇ ਗਏ ਜਿਸ ਨਾਲ ਸਮੂਹ ਸਰਕਾਰੀ ਅਦਾਰਿਆਂ ਵਿੱਚ ਸੰਨਾਟਾ ਛਾਇਆ ਰਿਹਾ ਅਤੇ ਸਭਨਾਂ ਨੇ ਬੱਸ ਸਟੈਂਡ ਵਿੱਚ ਪੁੱਜ ਕੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਰੈਲੀ ਨੂੰ ਪੀ ਐੱਸ ਐੱਮ ਐੱਸ ਯੂ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ ਸਿੰਘ, ਚੇਅਰਮੈਨ ਗੁਰਨਾਮ ਸਿੰਘ ਸੈਣੀ ਤੇ ਹਿਤੇਸ਼ ਸ਼ਰਮਾ, ਸਟੇਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਨਰੇਸ਼ ਕੁਮਾਰ, ਪੁਲੀਸ ਪੈਨਸ਼ਨਰਜ਼ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ, ਤੇਜਿੰਦਰ ਸਾਂਵਲ, ਅਧਿਆਪਕ ਆਗੂ ਰਮਨ ਕੁਮਾਰ, ਰਮੇਸ਼ ਕੱਟੋ, ਪਵਨ ਕੁਮਾਰ, ਰਵੀ ਦੱਤ, ਸ਼ਾਮ ਲਾਲ, ਮਨੀਸ਼ ਕੁਮਾਰ ਆਦਿ ਨੇ ਸੰਬੋਧਨ ਕੀਤਾ। ਇਸ ਪ੍ਰਦਰਸ਼ਨ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਮਿਤ ਵਿੱਜ, ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਸਮੇਤ ਹੋਰ ਆਗੂ ਸ਼ਾਮਲ ਹੋਏ। ਬਾਅਦ ਵਿੱਚ ਬੱਸ ਸਟੈਂਡ ਤੋਂ ਗਾਂਧੀ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ ਅਤੇ ਵਾਲਮੀਕ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੇ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਹੜਤਾਲ ਕਾਰਨ ਸਮੁੱਚੇ ਸਰਕਾਰੀ ਦਫ਼ਤਰ ਬੰਦ ਰਹੇ। ਸਿਵਲ ਹਸਪਤਾਲ ਵਿਚ ਵੀ ਓਪੀਡੀ ਸੇਵਾਵਾਂ ਬੰਦ ਰਹੀਆਂ ਤੇ ਮਿਨੀ ਸਕੱਤਰੇਤ, ਤਹਿਸੀਲ ਆਦਿ ਵਿੱਚ ਵੀ ਕੋਈ ਕੰਮ ਨਹੀਂ ਹੋਇਆ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮਿਨੀ ਸਕੱਤਰੇਤ ਦੇ ਬਾਹਰ ਵਿਸ਼ਾਲ ਰੈਲੀ ਕੀਤੀ। ਇਸ ਮੌਕੇ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਅਨੀਰੁੱਧ ਮੌਦਗਿਲ, ਇੰਦਰਜੀਤ ਵਿਰਦੀ, ਕੁਲਵੰਤ ਸਿੰਘ ਸੈਣੀ, ਬਹਾਦੁਰ ਸਿੰਘ, ਅਸ਼ੋਕ ਕੁਮਾਰ, ਮਨਜੀਤ ਸਿੰਘ ਸੈਣੀ, ਬਲਵਿੰਦਰ ਸਿੰਘ ਬਸਰਾ, ਜਸਵੀਰ ਸਿੰਘ ਭਾਮ ਮੌਜੂਦ ਸਨ।
ਸਰਕਾਰੀ ਸੇਵਾਵਾਂ ਠੱਪ ਰਹੀਆਂ
ਜੰਡਿਆਲਾ ਗੁਰੂ (ਸਿਮਰਤ ਪਾਲ ਸਿੰਘ ਬੇਦੀ): ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਮਹਾ ਹੜਤਾਲ ਦਾ ਅਸਰ ਅੱਜ ਸਰਕਾਰੀ ਦਫ਼ਤਰਾਂ, ਸਕੂਲਾਂ, ਸਰਕਾਰੀ ਅਦਾਰਿਆਂ ਤੇ ਸਬ ਡਿਵੀਜ਼ਨ ਜੰਡਿਆਲਾ ਗੁਰੂ ਵਿੱਚ ਦੇਖਣ ਨੂੰ ਮਿਲਿਆ। ਬਾਜ਼ਾਰ ਅਤੇ ਨਿੱਜੀ ਸੰਸਥਾਵਾਂ ਖੁੱਲ੍ਹੀਆਂ ਰਹੀਆਂ, ਪਰ ਇਸ ਦਾ ਅਸਰ ਬਾਜ਼ਾਰਾਂ ਵਿੱਚ ਵੀ ਦੇਖਣ ਨੂੰ ਮਿਲਿਆ। ਭਾਵੇਂ ਨਿੱਜੀ ਵਾਹਨਾਂ ਦੀ ਆਵਾਜਾਈ ਆਮ ਵਾਂਗ ਰਹੀ ਪਰ ਪੰਜਾਬ ਰੋਡਵੇਜ਼, ਪਨ ਬੱਸ ਤੇ ਪੀਆਰਟੀਸੀ ਬੱਸਾਂ ਡਿੱਪੂਆਂ ਤੋਂ ਬਾਹਰ ਹੀ ਨਹੀਂ ਕੱਢੀਆਂ ਗਈਆਂ। ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਚੱਕਾ ਜਾਮ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰੀ ਸਕੂਲ ਸਰਕਾਰੀ ਕਾਲਜ, ਯੂਨੀਵਰਸਿਟੀਆਂ ਅਤੇ ਤਹਿਸੀਲ, ਪਟਵਾਰਖਾਨੇ ਤੇ ਹੋਰ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਈ ਅਤੇ ਪ੍ਰਸ਼ਾਸਨਿਕ ਕੰਮ ਬਿਲਕੁਲ ਬੰਦ ਰਿਹਾ।
ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹੇ
ਗੁਰਦਾਸਪੁਰ (ਕੇ ਪੀ ਸਿੰਘ): ਜ਼ਿਲ੍ਹਾ ਗੁਰਦਾਸਪੁਰ ਦੇ ਵਿਭਾਗਾਂ ਦੇ ਦਫ਼ਤਰ, ਸਕੂਲ ਅਤੇ ਕਾਲਜ, ਮੁਹੱਲਾ ਕਲੀਨਿਕ ਬੰਦ ਰਹੇ। ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਕਰ ਕੇ ਡੀ ਸੀ ਗੁਰਦਾਸਪੁਰ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੈਲੀ ਕੀਤੀ ਅਤੇ ਉਪਰੰਤ ਮਾਰਚ ਕਰ ਕੇ ਡਾਕਖਾਨਾ ਚੌਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਸਾਵਣ ਸਿੰਘ, ਅਸ਼ਵਨੀ ਫ਼ੱਜੂਪੁਰ, ਅਨਿਲ ਕੁਮਾਰ ਲਾਹੌਰੀਆ, ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂ, ਗੁਰਿੰਦਰ ਸਿੰਘ ਸਿੱਧੂ, ਕੁਲਦੀਪ ਸਿੰਘ ਪੂਰੋਵਾਲ, ਗੁਰਜੀਤ ਸਿੰਘ ਰੰਧਾਵਾ, ਦਿਲਬਾਗ ਸਿੰਘ ਪੱਡਾ, ਸਤਨਾਮ ਸਿੰਘ ਡੇਹਰੀਵਾਲ, ਪਰਗਟ ਸਿੰਘ, ਮਨਦੀਪ ਸਿੰਘ, ਪਲਵਿੰਦਰ ਸਿੰਘ, ਵਿਜੈ ਕੁਮਾਰ ਸੁਪਰਡੰਟ, ਲਵਪ੍ਰੀਤ ਰੋੜਾਂਵਾਲੀ, ਹਰਪ੍ਰੀਤ ਪਰਮਾਰ, ਗੁਰਦਿਆਲ ਸਿੰਘ ਸੋਹਲ, ਜਵੰਦ ਸਿੰਘ, ਗੁਰਪਿੰਦਰ ਸਿੰਘ ਤੇ ਨੇਕ ਰਾਜ ਸਾਰੰਗਲ ਨੇ ਕਿਹਾ ਕਿ ਜੇਕਰ ਹਾਲੇ ਵੀ ਪੰਜਾਬ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਅਗਲਾ ਐਕਸ਼ਨ ਸੂਬਾ ਲੀਡਰਸ਼ਿਪ ਦੇ ਸੱਦੇ ’ਤੇ ਕੀਤਾ ਜਾਵੇਗਾ।
ਮਹਿਲਾ ਮੁਲਾਜ਼ਮਾਂ ਵੱਲੋਂ ਸ਼ਮੂਲੀਅਤ
ਨਵਾਂ ਸ਼ਹਿਰ (ਨਰਿੰਦਰ ਭੂੰਬਲਾ): ਜ਼ਿਲ੍ਹੇ ਦੀ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਸਾਹਮਣੇ ਰੈਲੀ ਕੀਤੀ ਗਈ। ਇਸ ਮੌਕੇ ਸ਼ਿਵ ਕੁਮਾਰ ਤਿਵਾੜੀ, ਕੁਲਦੀਪ ਸਿੰਘ ਦੌੜਕਾ, ਵਿਜੇ ਕੁਮਾਰ, ਜੀਤ ਲਾਲ ਗੋਹਲੜੋਂ, ਕੁਲਵਿੰਦਰ ਸਿੰਘ ਅਟਵਾਲ, ਅਜੇ ਕੁਮਾਰ, ਕਰਨੈਲ ਸਿੰਘ, ਅਜੀਤ ਸਿੰਘ ਬਰਨਾਲਾ, ਕੁਲਵੀਰ ਸਿੰਘ, ਜਸਵਿੰਦਰ ਸਿੰਘ ਔਜਲਾ, ਬਿਕਰਮਜੀਤ ਸਿੰਘ, ਜਗਤਾਰ ਸਿੰਘ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ, ਹਰਮਿੰਦਰ ਸਿੰਘ ਉੱਪਲ, ਨਰਿੰਦਰ ਸਿੰਘ ਭਾਰਟਾ, ਸੰਜੀਵ ਕੁਮਾਰ, ਸੁਰਜੀਤ ਸੈਂਪਲੇ, ਪਿਆਰਾ ਰਾਮ, ਕਮਲਦੇਵ, ਕਿਸ਼ਨ, ਗੁਲਸ਼ਨ ਕੁਮਾਰ, ਹਰੀ ਕ੍ਰਿਸ਼ਨ ਤੇ ਬਗੀਚਾ ਸਿੰਘ ਰੱਕੜ ਨੇ ਸੰਬੋਧਨ ਕੀਤਾ। ਰੋਸ ਰੈਲੀ ’ਚ ਸੀਟੂ ਦੇ ਸੂਬਾ ਆਗੂ ਮਹਾਂ ਸਿੰਘ ਰੌੜੀ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਵੜੈਚ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਚਰਨਜੀਤ ਦੌਲਤਪੁਰ, ਇਫਟੂ ਦੇ ਆਗੂ ਅਵਤਾਰ ਸਿੰਘ ਤਾਰੀ, ਪੇਂਡੂ ਮਜ਼ਦੂਰ ਯੂਨੀਅਨ ਦੇ ਹਰੀ ਰਾਮ ਰਸੂਲਪੁਰੀ ਨੇ ਮੰਗਾਂ ਦਾ ਸਮਰਥਨ ਕੀਤਾ। ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ।
ਬਿਜਲੀ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਮਹਾਂ ਬੰਦ ਦੇ ਸੱਦੇ ’ਤੇ ਪਾਵਰ ਕਾਰਪੋਰੇਸ਼ਨ ਦੇ ਰੈਗੂਲਰ ਮੁਲਾਜ਼ਮ, ਠੇਕਾ ਮੁਲਾਜ਼ਮ ਅਤੇ ਪੈਨਸ਼ਨਰਾਂ ਨੇ ਪਾਵਰ ਕਾਰਪੋਰੇਸ਼ਨ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਰਟਰ ਜਲੰਧਰ ਦੀ ਮੁਲਾਜ਼ਮ ਪੈਨਸ਼ਨਰਜ਼ ਸਾਂਝੀ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਡੀ ਸੀ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਆਦਮਪੁਰ ਬਿਜਲੀ ਦਫਤਰ ਅੱਗੇ ਰੈਲੀ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਲੰਧਰ ਸਰਕਲ ਦੇ ਪ੍ਰਧਾਨ ਸਿਰੀ ਰਾਮ ਜੱਗੀ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲ ਤੋਂ ਮੰਗਾਂ ਮੰਨਣ ਦੇ ਝੂਠੇ ਲਾਰੇ ਲਗਾਏ ਪਰ ਕੋਈ ਵੀ ਮੰਗ ਨਹੀਂ ਮੰਨੀ। ਬਿਜਲੀ ਦਫ਼ਤਰਾਂ ਅੱਗੇ ਰੋਸ ਰੈਲੀਆਂ ਅਤੇ ਧਰਨਿਆਂ ਨੂੰ ਸਰਕਲ ਆਗੂ ਪ੍ਰੇਮ ਲਾਲ,ਥੋੜੂ ਰਾਮ, ਅਵਤਾਰ ਸਿੰਘ, ਜੋਗਿੰਦਰ ਪਾਲ, ਸੁਰਿੰਦਰ ਸਿੰਘ, ਜਗਤਾਰ ਸਿੰਘ, ਹਰਮਨ, ਸ਼ਾਮ ਮੁਰਾਰੀ ਨੇ ਸੰਬੋਧਨ ਕੀਤਾ।

