LPU Violence: LPU 'ਚ ਹਿੰਸਾ ਦੌਰਾਨ MiG-23 ਲੜਾਕੂ ਜਹਾਜ਼ 'ਤੇ ਚੜ੍ਹਨ ਵਾਲਾ ਵਿਦਿਆਰਥੀ ਹਿਰਾਸਤ 'ਚ
ਪੁਲੀਸ ਨੇ ਕੈਂਪਸ 'ਚ ਭੰਨ-ਤੋੜ, ਅੱਗਜ਼ਨੀ ਅਤੇ ਹਾਈਵੇ ਜਾਮ ਕਰਨ ਦੇ ਦੋਸ਼ ਹੇਠ 7 ਵਿਦਿਆਰਥੀਆਂ ਸਮੇਤ ਕੁੱਲ 9 ਜਣਿਆਂ ਨੂੰ ਕੀਤਾ ਕਾਬੂ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਾਲੀਆ ਹਿੰਸਕ ਪ੍ਰਦਰਸ਼ਨਾਂ ਦੌਰਾਨ ਕੈਂਪਸ ਦੇ ਬਾਹਰ ਪ੍ਰਦਰਸ਼ਿਤ ਮਿਗ-23 ਯੂ ਐੱਮ (MiG-23 UM) ਜਹਾਜ਼ ਦੇ ਉੱਪਰ ਚੜ੍ਹਨ ਵਾਲੇ ਹਿਮਾਚਲ ਪ੍ਰਦੇਸ਼ ਦੇ ਇੱਕ ਨਾਬਾਲਗ ਵਿਦਿਆਰਥੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪਿੱਛੇ ਕੈਂਪਸ ਵਿੱਚ ਲੱਗੀ ਅੱਗ ਅਤੇ ਅੱਗੇ ਜਹਾਜ਼ ਦੇ ਤਿੱਖੇ ਧਾਤੂ ਵਾਲੇ ਹਿੱਸੇ (ਨੋਜ਼ ਕੋਨ) ਉੱਤੇ ਖੜ੍ਹੇ ਇਸ ਵਿਦਿਆਰਥੀ ਦੀ ਤਸਵੀਰ ਇਨ੍ਹਾਂ ਪ੍ਰਦਰਸ਼ਨਾਂ ਦਾ ਵਾਇਰਲ ਪ੍ਰਤੀਕ ਬਣ ਗਈ ਸੀ।
ਪੰਜਾਬ ਪੁਲੀਸ ਨੇ ਕੈਂਪਸ ਵਿੱਚ ਭੰਨ-ਤੋੜ, ਅੱਗਜ਼ਨੀ, ਹਾਈਵੇ ਜਾਮ ਕਰਨ ਅਤੇ ਪੁਲੀਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਵਿੱਚ ਕੁੱਲ ਨੌਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਸੱਤ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਦੋ ਬਾਹਰੀ ਵਿਅਕਤੀ ਹਨ। ਉੱਥੇ ਹੀ ਹਿਮਾਚਲ ਪ੍ਰਦੇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ ਇਹ ਨਾਬਾਲਗ ਵਿਦਿਆਰਥੀ ਮੰਡੀ ਦਾ ਰਹਿਣ ਵਾਲਾ ਹੈ। ਰਿਪੋਰਟਾਂ ਮੁਤਾਬਕ ਉਸ ਦੇ ਪਿਤਾ ਮੰਡੀ ਦੇ ਡੀ ਸੀ (DC) ਦਫ਼ਤਰ ਵਿੱਚ ਅਧਿਕਾਰੀ ਹਨ।
ਇਹ ਸੇਵਾਮੁਕਤ (ਡੀਕਮਿਸ਼ਨਡ) ਮਿਗ-23 ਯੂ ਐੱਮ ਜਹਾਜ਼ ਭਾਰਤੀ ਹਵਾਈ ਫੌਜ ਵੱਲੋਂ ਐੱਲ ਪੀ ਯੂ ਦੇ ਚਾਂਸਲਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਦਿੱਤਾ ਗਿਆ ਸੀ। ਯੂਨੀਵਰਸਿਟੀ ਦੇ ਮੁੱਖ ਗੇਟ 'ਤੇ ਇਸ ਲੜਾਕੂ ਜਹਾਜ਼ ਨੂੰ 1971 ਦੀ ਜੰਗ ਨਾਲ ਸਬੰਧਤ ਇੱਕ ਟੈਂਕ ਸਮੇਤ ਹਥਿਆਰਬੰਦ ਬਲਾਂ ਦੇ ਸਨਮਾਨ ਅਤੇ ਨੌਜਵਾਨਾਂ ਦੀ ਪ੍ਰੇਰਨਾ ਲਈ ਰੱਖਿਆ ਗਿਆ ਸੀ। ਮੀਡੀਆ ਨੂੰ ਦਿੱਤੇ ਹਾਲੀਆ ਇੰਟਰਵਿਊ ਵਿੱਚ ਚਾਂਸਲਰ ਮਿੱਤਲ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਜਹਾਜ਼ 'ਤੇ ਚੜ੍ਹ ਕੇ ਨੱਚਣਾ ਫੌਜ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਕੈਂਪਸ ਨੂੰ ਅੱਗ ਲਗਾਉਣ ਨਾਲੋਂ ਵੀ ਇਹ ਘਟਨਾ ਉਨ੍ਹਾਂ ਲਈ ਨਿੱਜੀ ਤੌਰ 'ਤੇ ਵੱਧ ਦੁਖਦਾਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਉਮੀਦ ਜਤਾਈ ਹੈ।

